ਸਨੋਅ ਸਟੋਰਮ ਨੇ ਕੈਨੇਡਾ ਦੇ ਕਈ ਹਿੱਸਿਆਂ ‘ਚ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਬਰਫ਼ੀਲੇ ਤੂਫਾਨ ਨੇ ਜ਼ਿੰਦਗੀ ਦੀ ਤੋਰ ਵਿਗਾੜ ਦਿੱਤੀ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ। ਅਜਿਹਾ ਹੀ ਕੁਝ ਹਾਲ ਅਮਰੀਕਾ ਦੇ ਕਈ ਹਿੱਸਿਆਂ ‘ਚ ਹੋਇਆ ਹੈ। ਓਂਟਾਰੀਓ ‘ਚ ਪਿਛਲੇ ਚੌਵੀ ਘੰਟਿਆਂ ਤੋਂ ਜਾਰੀ ਬਰਫ਼ੀਲੇ ਤੂਫ਼ਾਨ ਕਾਰਨ ਸੌ ਤੋਂ ਵੱਧ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ। ਓਂਟਾਰੀਓ ਪ੍ਰੋਵਿੰਸ਼ੀਅਲ ਪੁਲੀਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਲੰਡਨ ਅਤੇ ਟਿਲਬਰੀ ਦੇ ਵਿਚਕਾਰ ਹਾਈਵੇਅ 401 ‘ਤੇ ਵਾਪਰੇ ਹਾਦਸਿਆਂ ‘ਚ 100 ਤੋਂ ਵੱਧ ਵਾਹਨ ਸ਼ਾਮਲ ਹਨ। ਡਰਾਈਵਰਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਸੰਭਵ ਹੋਵੇ ਤਾਂ ਸੜਕਾਂ ਤੋਂ ਦੂਰ ਰਹੋ। ਸਾਰਜੈਂਟ ਕੈਰੀ ਸਮਿੱਟ ਨੇ ਟਵਿੱਟਰ ‘ਤੇ ਪੋਸਟ ਕੀਤੀ ਇਕ ਵੀਡੀਓ ‘ਚ ਕਿਹਾ, ‘ਕਿਰਪਾ ਕਰਕੇ, ਜੇ ਤੁਹਾਨੂੰ ਸੜਕਾਂ ‘ਤੇ ਜਾਣ ਦੀ ਜ਼ਰੂਰਤ ਨਹੀਂ ਹੈ ਤਾਂ ਘਰਾਂ ‘ਚ ਹੀ ਰਹੋ।’ ਲੰਡਨ ਅਤੇ ਟਿਲਬਰੀ ਵਿਚਕਾਰ ਹਾਈਵੇਅ 401 ਅਤੇ ਲੰਡਨ ਅਤੇ ਸਾਰਨੀਆ ਵਿਚਕਾਰ ਹਾਈਵੇਅ 402 ਸ਼ੁੱਕਰਵਾਰ ਨੂੰ ਦੋਵੇਂ ਦਿਸ਼ਾਵਾਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਪੁਲੀਸ ਦਾ ਕਹਿਣਾ ਹੈ ਕਿ ਖੁਸ਼ਕਿਸਮਤੀ ਨਾਲ ਬਰਫ਼ੀਲੇ ਤੂਫ਼ਾਨ ਕਾਰਨ ਵਾਪਰੇ ਹਾਦਸਿਆਂ ‘ਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਹਾਲਾਂਕਿ ਦੋ ਵਿਅਕਤੀਆਂ ਨੂੰ ਗੈਰ-ਜਾਨਲੇਵਾ ਖ਼ਤਰੇ ਵਾਲੀਆਂ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ। ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਐਤਵਾਰ ਸਵੇਰ ਤੱਕ 50 ਸੈਂਟੀਮੀਟਰ ਤੱਕ ਸਨੋਅ ਪੈ ਸਕਦੀ ਹੈ। ਵਾਤਾਵਰਣ ਕੈਨੇਡਾ ਦੇ ਮੌਸਮ ਵਿਗਿਆਨੀ ਮਿਚ ਮੈਰੀਡਿਥ ਨੇ ਕਿਹਾ, ‘ਅਸੀਂ ਹਰ ਪੰਜ ਜਾਂ 10 ਸਾਲਾਂ ‘ਚ ਇਨ੍ਹਾਂ ਵਿੱਚੋਂ ਇਕ ਤੂਫਾਨ ਦੇਖ ਸਕਦੇ ਹਾਂ। ਮੈਂ ਪਿਛਲੇ 20 ਸਾਲਾਂ ‘ਚ ਇਸ ਤਰ੍ਹਾਂ ਦੇ ਸਿਰਫ਼ ਦੋ ਤੂਫ਼ਾਨ ਦੇਖੇ ਹਨ। ਅਮਰੀਕਾ ‘ਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਕਰੀਬ 20 ਕਰੋੜ ਲੋਕ ਬਰਫੀਲੇ ਤੂਫ਼ਾਨ ਦੀ ਲਪੇਟ ‘ਚ ਆ ਗਏ ਹਨ ਅਤੇ ਛੁੱਟੀਆਂ ਦੇ ਹਫ਼ਤੇ ਤੋਂ ਪਹਿਲਾਂ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ। ਯੂ.ਐੱਸ. ਨੈਸ਼ਨਲ ਵੈਦਰ ਸਰਵਿਸ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ‘ਚ ਠੰਡੇ ਦਿਨ ਦੇ ਤਾਪਮਾਨ ਦੇ ਰਿਕਾਰਡ ਟੁੱਟ ਸਕਦੇ ਹਨ। ਠੰਡ ਕਾਰਨ ਸ਼ੁੱਕਰਵਾਰ ਨੂੰ 15 ਲੱਖ ਤੋਂ ਵੱਧ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਰਹਿਣਾ ਪਿਆ ਅਤੇ ਹਜ਼ਾਰਾਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਕ੍ਰਿਸਮਸ ਲਈ ਲੋਕਾਂ ਨੂੰ ਘਰ ਪਰਤਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਤੂਫਾਨ ਟੈਕਸਾਸ ਤੋਂ ਕਿਊਬਿਕ ਤੱਕ 3200 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਇਹ ਇਕ ਬੰਬ ਚੱਕਰਵਾਤ ਹੈ ਜਿਸ ਨੇ ਅਮਰੀਕਾ-ਕੈਨੇਡਾ ਸਰਹੱਦ ‘ਤੇ ਗਰੇਟ ਝੀਲਾਂ ‘ਚ ਬਰਫ਼ੀਲੇ ਤੂਫਾਨ ਦੀ ਸਥਿਤੀ ਲਿਆ ਦਿੱਤੀ ਹੈ। ਬੰਬ ਚੱਕਰਵਾਤ ਇਕ ਭਿਆਨਕ ਤੂਫ਼ਾਨ ਨੂੰ ਦਿੱਤਾ ਗਿਆ ਨਾਮ ਹੈ ਜਿਸ ‘ਚ ਤੂਫ਼ਾਨ ਦੇ ਕੇਂਦਰ ‘ਚ ਹਵਾ ਦਾ ਦਬਾਅ 24 ਘੰਟਿਆਂ ‘ਚ ਘੱਟੋ-ਘੱਟ 24 ਮਿਲੀਬਾਰ ਤੱਕ ਡਿੱਗ ਸਕਦਾ ਹੈ ਅਤੇ ਇਹ ਤੇਜ਼ੀ ਨਾਲ ਵਧਦਾ ਹੈ। ਕੈਨੇਡਾ ਦੇ ਕਿਊਬਿਕ ‘ਚ ਤੂਫ਼ਾਨ ਕਾਰਨ ਲੱਖਾਂ ਲੋਕਾਂ ਘਰਾਂ ਦੀ ਬਿਜਲੀ ‘ਚ ਕਟੌਤੀ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਨਿਊਫਾਊਂਡਲੈਂਡ ਤੱਕ ਦੇਸ਼ ਦੇ ਬਾਕੀ ਹਿੱਸਿਆਂ ‘ਚ ਬਹੁਤ ਜ਼ਿਆਦਾ ਠੰਡ ਅਤੇ ਸਰਦੀਆਂ ਦੇ ਤੂਫ਼ਾਨ ਦੀਆਂ ਚਿਤਾਵਨੀਆਂ ਦਿੱਤੀਆਂ ਗਈਆਂ ਸਨ। ਐਲਕ ਪਾਰਕ, ਮੋਂਟਾਨਾ ‘ਚ ਤਾਪਮਾਨ ਮਾਈਨਸ 45 ਡਿਗਰੀ ਤੱਕ ਡਿੱਗ ਗਿਆ, ਜਦੋਂਕਿ ਹੇਲ, ਮਿਸ਼ੀਗਨ ਸ਼ਹਿਰ ਜੰਮ ਗਿਆ ਹੈ। ਪੈਨਸਿਲਵੇਨੀਆ ਅਤੇ ਮਿਸ਼ੀਗਨ ਦੇ ਖੇਤਰਾਂ ‘ਚ ਭਾਰੀ ਬਰਫਬਾਰੀ ਦੀ ਸੰਭਾਵਨਾ ਹੈ। ਬਫੇਲੋ, ਨਿਊਯਾਰਕ ‘ਚ ਘੱਟੋ-ਘੱਟ 35 ਇੰਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਸੀ।