ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਕੈਨੇਡੀਅਨ ਅਰਥਚਾਰੇ ‘ਚ ਅਗਸਤ ਮਹੀਨੇ 40,000 ਨੌਕਰੀਆਂ ਖ਼ਤਮ ਹੋਈਆਂ ਹਨ। ਇਸ ਨਾਲ ਬੇਰੁਜ਼ਗਾਰੀ ਦਰ ਵਧ ਕੇ 5.4 ਫ਼ੀਸਦੀ ਦਰਜ ਹੋਈ ਹੈ। ਪਿਛਲੇ ਤਿੰਨ ਮਹੀਨਿਆ ਦੀ ਗੱਲ ਕਰੀਏ ਤਾਂ ਕੁੱਲ ਮਿਲਾਕੇ 114000 ਨੌਕਰੀਆਂ ਖ਼ਤਮ ਹੋਈਆ ਹਨ। ਜੂਨ ਅਤੇ ਜੁਲਾਈ ‘ਚ ਲਗਾਤਾਰ ਦੋ ਮਹੀਨੇ ਅਰਥਚਾਰੇ ‘ਚੋਂ ਨੌਕਰੀਆਂ ‘ਚ ਕਮੀ ਆਉਣ ਤੋਂ ਬਾਅਦ ਅਰਥ ਸ਼ਾਸਤਰੀਆਂ ਦਾ ਅਨੁਮਾਨ ਸੀ ਕਿ ਅਗਸਤ ‘ਚ ਕਰੀਬ 10,000 ਤੋਂ 15,000 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਪਰ ਅੰਕੜਿਆਂ ਦੀ ਮੰਨੀਏ ਤਾ ਇਸ ਨੇ ਅਨੁਮਾਨਾਂ ਨੂੰ ਉਲਟਾ ਦਿੱਤਾ ਹੈ। ਅਗਸਤ ਦੇ ਅੰਕੜਿਆਂ ਤੋਂ ਬਾਅਦ, ਮਈ ਤੋਂ ਹੁਣ ਤੱਕ ਖ਼ਤਮ ਹੋਈਆਂ ਨੌਕਰੀਆਂ ਦੀ ਕੁਲ ਗਿਣਤੀ 100,000 ਤੋਂ ਪਾਰ ਹੋ ਗਈ ਹੈ। ਨੌਕਰੀਆਂ ਦੇ ਨਿਘਾਰ ਨੇ ਪਿਛਲੇ 7 ਮਹੀਨਿਆਂ ‘ਚ ਪਹਿਲੀ ਵਾਰੀ ਬੇਰੁਜ਼ਗਾਰੀ ਦਰ ‘ਚ ਵੀ ਇਜ਼ਾਫ਼ਾ ਕੀਤਾ ਹੈ। ਜੂਨ ‘ਚ ਕੈਨੇਡਾ ‘ਚ ਬੇਰੁਜ਼ਗਾਰੀ ਦਰ ਘਟਕੇ 4.9 ਫ਼ੀਸਦੀ ਦੇ ਰਿਕਾਰਡ ਨੀਵੇਂ ਪੱਧਰ ‘ਤੇ ਪਹੁੰਚ ਗਈ ਸੀ। ਜੁਲਾਈ ‘ਚ ਇਹ ਦਰ ਸਥਿਰ ਰਹੀ ਪਰ ਅਗਸਤ ‘ਚ ਬੇਰੁਜ਼ਗਾਰੀ ਦਰ ‘ਚ 0.50 ਫ਼ੀਸਦੀ ਅੰਕ ਵਾਧਾ ਦਰਜ ਹੋਇਆ ਹੈ। ਅਗਸਤ ਮਹੀਨੇ ਔਸਤ ਪ੍ਰਤੀ ਘੰਟਾ ਤਨਖਾਹ 31.33 ਡਾਲਰ ਦਰਜ ਹੋਈ। ਪਿਛਲੇ ਸਾਲ ਦੇ ਅਗਸਤ ਦੀ ਤੁਲਨਾ ‘ਚ ਇਹ 5.4 ਫੀਸਦੀ ਵੱਧ ਹੈ। ਕੈਨੇਡਾ ਦੀ ਮੌਜੂਦਾ ਮਹਿੰਗਾਈ ਦਰ 7.6 ਫੀਸਦੀ ਹੈ ਜਿਸਦਾ ਮਤਲਬ ਹੈ ਕਿ ਤਨਖਾਹ ‘ਚ ਵਾਧਾ ਮਹਿੰਗਾਈ ਦੇ ਪੱਧਰ ਦੇ ਮੇਚ ਦਾ ਨਹੀਂ ਹੈ।