ਆਲਮੀ ਪੱਧਰ ‘ਤੇ ਕੋਵਿਡ-19 ਦੇ ਮਾਮਲੇ ਘੱਟ ਰਹੇ ਹਨ। ਅਜਿਹੇ ‘ਚ ਕਰੋਨਾ ਦੇ ਘੱਟਦੇ ਪ੍ਰਕੋਪ ਨੂੰ ਦੇਖਦੇ ਹੋਏ ਦੁਨੀਆ ਭਰ ਦੇ ਦੇਸ਼ ਵੀ ਹੁਣ ਪਾਬੰਦੀਆਂ ਹਟਾ ਰਹੇ ਹਨ। ਇਸ ਦੌਰਾਨ ਕੈਨੇਡਾ ਜਾਣ ਵਾਲੇ ਨਾਗਰਿਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ। ਇਕ ਸਰਕਾਰੀ ਸੂਤਰ ਨੇ ਕਿਹਾ ਕਿ ਕੈਨੇਡਾ ‘ਚ ਦਾਖਲ ਹੋਣ ਲਈ ਟੀਕਾਕਰਨ ਦੀ ਲੋੜ ਨੂੰ ਖ਼ਤਮ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਕੈਨੇਡੀਅਨ ਸਰਕਾਰ ਸਤੰਬਰ ਦੇ ਅਖੀਰ ਤੱਕ ਦੇਸ਼ ‘ਚ ਦਾਖ਼ਲ ਹੋਣ ਵਾਲੇ ਲੋਕਾਂ ਲਈ ਕੋਵਿਡ-19 ਵੈਕਸੀਨ ਦੀ ਲੋੜ ਨੂੰ ਖ਼ਤਮ ਕਰ ਸਕਦੀ ਹੈ। ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ ਸੂਤਰਾਂ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 30 ਸਤੰਬਰ ਤੱਕ ਇਸ ਫ਼ੈਸਲੇ ਦਾ ਐਲਾਨ ਕਰ ਸਕਦੇ ਹਨ। ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਨੂੰ ਅੰਤਿਮ ਰੂਪ ਦੇਣਾ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਹੁਣ ਅਰਾਈਵਕੈਨ ਐਪ ‘ਚ ਟੀਕਾਕਰਨ ਬਾਰੇ ਜਾਣਕਾਰੀ ਭਰਨ ਦੀ ਲੋੜ ਨਹੀਂ ਰਹੇਗੀ। ਹਾਲਾਂਕਿ ਕੈਨੇਡੀਅਨ ਸਰਕਾਰ ਏਅਰਪੋਰਟਾਂ ‘ਤੇ ਕੋਵਿਡ-19 ਟੈਸਟਿੰਗ ਨੂੰ ਖ਼ਤਮ ਨਹੀਂ ਕਰੇਗੀ। ਜ਼ਿਕਰਯੋਗ ਹੈ ਕਿ ਅਮਰੀਕਾ ਵਾਂਗ ਕੈਨੇਡਾ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਟੀਕਾਕਰਨ ਸਰਟੀਫਿਕੇਟ ਦਿਖਾਉਣਾ ਜ਼ਰੂਰੀ ਹੁੰਦਾ ਹੈ। ਹਾਲਾਂਕਿ ਅਜੇ ਤਕ ਅਮਰੀਕਾ ਨੇ ਟੀਕਾਕਰਨ ਨੂੰ ਖ਼ਤਮ ਕਰਨ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਹੈ ਕਿ ਕੀ ਉਹ 30 ਸਤੰਬਰ ਤਕ ਵੀ ਅਜਿਹਾ ਕਦਮ ਚੁੱਕਣਗੇ ਜਾਂ ਨਹੀਂ। ਇਹ ਵੀ ਦੱਸਣਾ ਬਣਦਾ ਹੈ ਕਿ ਕੈਨੇਡਾ ‘ਚ ਹੁਣ ਤਕ 42 ਲੱਖ ਤੋਂ ਵੱਧ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂ ਕਿ ਕਰੋਨਾ ਵਾਇਰਸ ਕਾਰਨ 45 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।