ਟੈਕਸ ਏਜੰਸੀ ਦੇ 35,000 ਮੁਲਾਜ਼ਮਾਂ ਸਮੇਤ ਕੈਨੇਡਾ ਦੇ ਲਗਭਗ 1,55,000 ਫੈਡਰਲ ਕਰਮਚਾਰੀ ਹੜਤਾਲ ‘ਤੇ ਚਲੇ ਗਏ ਹਨ ਜਿਸ ਨੂੰ ਉਨ੍ਹਾਂ ਦੀ ਯੂਨੀਅਨ ਦੇਸ਼ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਹੜਤਾਲਾਂ ‘ਚੋਂ ਇਕ ਦੱਸ ਰਹੀ ਹੈ। ਕੈਨੇਡਾ ਦੇ ਪਬਲਿਕ ਸਰਵਿਸ ਅਲਾਇੰਸ ਨੇ ਕਿਹਾ ਕਿ ਹੜਤਾਲ ਦਾ ਐਲਾਨ ਸਰਕਾਰ ਨਾਲ ਗੱਲਬਾਤ ਇਕ ਸਮਝੌਤਾ ਕਰਨ ‘ਚ ਅਸਫਲ ਰਹਿਣ ਤੋਂ ਬਾਅਦ ਕੀਤਾ ਗਿਆ ਸੀ। 250 ਤੋਂ ਵੱਧ ਸਥਾਨਾਂ ‘ਤੇ ਪਿੱਕੇਟ ਲਾਈਨਾਂ ਸਥਾਪਤ ਕੀਤੀਆਂ ਜਾਣਗੀਆਂ। ਕੈਨੇਡਾ ਰੈਵੇਨਿਊ ਏਜੰਸੀ ਨਾਲ ਜੁੜੀ ਹੜਤਾਲ ਉਦੋਂ ਸ਼ੁਰੂ ਹੋਈ ਹੈ ਜਦੋਂ ਟੈਕਸ ਰਿਟਰਨ ਦੇ ਬਕਾਇਆ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਕ੍ਰਿਸ ਆਇਲਵਰਡ ਨੇ ਕਿਹਾ ਕਿ ਸੌਦੇਬਾਜ਼ੀ ਕਰਨ ਵਾਲੀਆਂ ਟੀਮਾਂ ਹੜਤਾਲ ਦੌਰਾਨ ਮੇਜ਼ ‘ਤੇ ਰਹਿਣਗੀਆਂ। ਤਨਖਾਹਾਂ ‘ਚ ਵਾਧਾ ਮੁੱਖ ਮੁੱਦਾ ਹੈ। ਖਜ਼ਾਨਾ ਬੋਰਡ ਨੇ ਕਿਹਾ ਕਿ ਉਸਨੇ ਤੀਜੀ ਧਿਰ ਦੇ ਲੋਕ ਹਿੱਤ ਕਮਿਸ਼ਨ ਦੀ ਸਿਫ਼ਾਰਸ਼ ‘ਤੇ ਯੂਨੀਅਨ ਨੂੰ ਤਿੰਨ ਸਾਲਾਂ ਵਿੱਚ 9 ਪ੍ਰਤੀਸ਼ਤ ਵਾਧੇ ਦੀ ਪੇਸ਼ਕਸ਼ ਕੀਤੀ ਹੈ। ਪਰ ਯੂਨੀਅਨ ਨੇ ਅਗਲੇ ਤਿੰਨ ਸਾਲਾਂ ‘ਚ 4.5 ਪ੍ਰਤੀਸ਼ਤ ਦੇ ਸਾਲਾਨਾ ਵਾਧੇ ਲਈ ਜ਼ੋਰ ਦਿੱਤਾ ਹੈ ਅਤੇ ਇਹ ਦਲੀਲ ਦਿੱਤੀ ਹੈ ਕਿ ਇਹ ਵਾਧਾ ਮਹਿੰਗਾਈ ਨਾਲ ਤਾਲਮੇਲ ਰੱਖਣ ਲਈ ਜ਼ਰੂਰੀ ਹੈ। ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਅਤੇ ਸਰਕਾਰ ਵਿਚਕਾਰ ਵਿਚੋਲਗੀ ਵਾਲੀ ਇਕਰਾਰਨਾਮੇ ਦੀ ਗੱਲਬਾਤ ਅਪ੍ਰੈਲ ਦੇ ਸ਼ੁਰੂਆਤ ‘ਚ ਸ਼ੁਰੂ ਹੋਈ ਅਤੇ ਹਫਤੇ ਦੇ ਅੰਤ ਤੱਕ ਜਾਰੀ ਰਹੀ ਜਿਸ ਨੂੰ ਯੂਨੀਅਨ ਨੇ ਸਰਕਾਰ ਦੇ ਸੌਦੇ ‘ਤੇ ਪਹੁੰਚਣ ਦਾ ਆਖਰੀ ਮੌਕਾ ਦੱਸਿਆ ਹੈ।