ਕੈਨੇਡਾ ਦੇ ਸਰੀ ‘ਚ ਇਕ ਸਾਲ ਪਹਿਲਾਂ ਵੱਡੀ 10 ਕੁਇੰਟਲ ਅਫੀਮ ਫੜੇ ਜਾਣ ‘ਤੇ ਚੁਫੇਰੇ ਚਰਚਾ ਛਿੜੀ ਸੀ ਪਰ ਹੁਣ ਬਰਾਮਦ ਹੋਈ ਉਸ ਤੋਂ ਵੀ ਕਈ ਗੁਣਾਂ ਵੱਧ ਮਾਤਰਾ ‘ਚ ਅਫੀਮ ਦੀ ਖੇਪ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਅਫੀਮ 50 ਮਿਲੀਅਨ ਡਾਲਰ ਤੋਂ ਵੱਧ ਕੀਮਤ ਦੀ ਦੱਸੀ ਗਈ ਹੈ ਜਿਸ ਦਾ ਵਜ਼ਨ 2500 ਕਿਲੋਗ੍ਰਾਮ ਦੱਸਿਆ ਗਿਆ ਹੈ। ਇਹ ਅਫੀਮ ਵੈਨਕੂਵਰ ਦੀ ਬੰਦਰਗਾਹ ‘ਤੇ 247 ਸ਼ਿਪਿੰਗ ਪੈਲੇਟਾਂ ਵਿੱਚੋਂ ਜ਼ਬਤ ਕੀਤੀ ਗਈ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੇ ਇਕ ਮੀਡੀਆ ਐਡਵਾਈਜ਼ਰੀ ‘ਚ ਇਸ ਸਬੰਧੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਸੀ.ਬੀ.ਐੱਸ.ਏ. ਲਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਮਾਤਰਾ ‘ਚ ਅਫੀਮ ਜ਼ਬਤ ਦਾ ਮਾਮਲਾ ਹੈ। ਸੀ.ਬੀ.ਐੱਸ.ਏ. ਦੇ ਅਨੁਸਾਰ ਇੰਟੈਲੀਜੈਂਸ ਸੈਕਸ਼ਨ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰ.ਸੀ.ਐੱਮ.ਪੀ.) ਅਤੇ ਫੈਡਰਲ ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ (ਐੱਫ.ਐੱਸ.ਓ.ਸੀ.) ਯੂਨਿਟ ਨੇ ਸਮੁੰਦਰੀ ਕੰਟੇਨਰਾਂ ਦੇ ਅੰਦਰ ਲੁਕਾਏ ਗਏ ਨਿਯੰਤਰਿਤ ਪਦਾਰਥਾਂ ਦੇ ਸੰਭਾਵੀ ਮਹੱਤਵਪੂਰਨ ਆਯਾਤ ਦੀ ਜਾਂਚ ਸ਼ੁਰੂ ਕੀਤੀ। ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਆਪ੍ਰੇਸ਼ਨ 25 ਅਕਤੂਬਰ ਨੂੰ ਸ਼ੁਰੂ ਹੋਇਆ ਅਤੇ ਜਦੋਂ ਸੀ.ਬੀ.ਐੱਸ.ਏ. ਦੀ ਮੈਟਰੋ ਵੈਨਕੂਵਰ ਮਰੀਨ ਓਪਰੇਸ਼ਨਜ਼ ਯੂਨਿਟ ਨੇ 19 ਸਮੁੰਦਰੀ ਕੰਟੇਨਰਾਂ ਤੋਂ ਸਾਮਾਨ ਦੀ ਜਾਂਚ ਸ਼ੁਰੂ ਕੀਤੀ। ਐਕਸ-ਰੇ ਤਕਨਾਲੋਜੀ ਸਮੇਤ ਖੋਜ ਸਾਧਨਾਂ ਅਤੇ ਤਕਨਾਲੋਜੀ ਦੀ ਵਿਸ਼ਾਲ ਲੜੀ ਦੀ ਵਰਤੋਂ ਕਰਦੇ ਹੋਏ ਅਫਸਰਾਂ ਨੇ ਸ਼ਿਪਿੰਗ ਪੈਲੇਟਾਂ ‘ਚ ਬੇਨਿਯਮੀਆਂ ਦਾ ਪਤਾ ਲਗਾਇਆ। ਕੁੱਲ ਮਿਲਾ ਕੇ 247 ਸ਼ਿਪਿੰਗ ਪੈਲੇਟਾਂ ਵਿੱਚੋਂ ਲਗਭਗ 2,486 ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਅੱਗੇ ਦੀ ਅਪਰਾਧਿਕ ਜਾਂਚ ਲਈ ਆਰ.ਸੀ.ਐੱਮ.ਪੀ. ਅਤੇ ਐੱਫ.ਐੱਸ.ਓ.ਸੀ. ਯੂਨਿਟ ਨੂੰ ਸੌਂਪ ਦਿੱਤਾ ਗਿਆ ਹੈ। ਜਾਂਚ ਬਾਰੇ ਗੱਲ ਕਰਦਿਆਂ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਮਾਰਕੋ ਮੇਂਡੀਸੀਨੋ ਨੇ ਕਿਹਾ ਕਿ ਭਾਈਚਾਰਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਨੇ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਤੁਰੰਤ ਅਤੇ ਫੈਸਲਾਕੁੰਨ ਕਾਰਵਾਈ ਲਈ ਸੀ.ਬੀ.ਐੱਸ.ਏ. ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਹਾਲੇ ਇਸ ਅਫੀਮ ਬਾਰੇ ਹੋਰ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਇੰਨੀ ਵੱਡੀ ਮਾਤਰਾ ‘ਚ ਅਫੀਮ ਕਿਸ ਨੇ ਕਿੱਥੋਂ ਮੰਗਵਾਈ ਸੀ? ਇਸ ਮਾਮਲੇ ਨਾਲ ਕਿਸੇ ਪੰਜਾਬੀ ਮੂਲ ਦੇ ਕੈਨੇਡੀਅਨ ਦਾ ਕੋਈ ਸਬੰਧ ਹੈ ਜਾਂ ਨਹੀਂ? ਇਹ ਸਾਰਾ ਕੁਝ ਜਾਂਚ ਮੁਕੰਮਲ ਹੋਣ ‘ਤੇ ਹੀ ਸਾਹਮਣੇ ਆ ਸਕੇਗਾ। ਯਾਦ ਰਹੇ ਕਿ ਮਾਰਚ 2021 ‘ਚ ਵੀ ਸਰੀ ਦੇ ਇਕ ਵੇਅਰਹਾਊਸ ‘ਚੋਂ 10 ਕੁਇੰਟਲ ਅਫੀਮ ਫੜੀ ਗਈ ਸੀ ਪਰ ਉਸ ਬਾਰੇ ਨਾ ਕਿਸੇ ‘ਤੇ ਚਾਰਜ ਲੱਗੇ ਤੇ ਨਾ ਕਦੇ ਪਤਾ ਲੱਗਾ ਕਿ ਕਿਸਦੀ ਸੀ ਹਾਲਾਂਕਿ ਉਦੋਂ ਕੁਝ ਗ੍ਰਿਫ਼ਤਾਰੀਆਂ ਕਰਨ ਦਾ ਦਾਅਵਾ ਵੀ ਕੀਤਾ ਗਿਆ ਸੀ।