ਕੈਨੇਡਾ, ਅਮਰੀਕਾ ਅਤੇ ਹੋਰਨਾਂ ਮੁਲਕਾ ‘ਚ ਬੈਠ ਕੇ ਪੰਜਾਬ ਅੰਦਰ ਕਤਲ, ਅਗਵਾ, ਫਿਰੌਤੀਆਂ, ਨਸ਼ਾ ਤਸਕਰੀ, ਲੁੱਟ-ਖੋਹ ਆਦਿ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਗੈਂਗਸਟਰਾਂ ਨੂੰ ਵਾਪਸ ਲਿਆਉਣ ਲਈ ਪੰਜਾਬ ਪੁਲੀਸ ਵੱਲੋਂ ਭਾਰਤ ਸਰਕਾਰ ਅਤੇ ਇੰਟਰਪੋਲ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਤਰਨ ਤਾਰਨ ‘ਚ ਦਿੱਤੀ। ਉਨ੍ਹਾਂ ਸੂਬੇ ਅੰਦਰ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹਣ ‘ਤੇ ਜ਼ੋਰ ਦਿੰਦਿਆਂ ਲੋਕਾਂ ਕੋਲੋਂ ਸਹਿਯੋਗ ਮੰਗਿਆ ਹੈ। ਉਨ੍ਹਾਂ ਮੰਨਿਆ ਕਿ ਸੂਬੇ ‘ਚ ਨਸ਼ੇ ਵਧ ਗਏ ਹਨ ਪਰ ਨਾਲ ਹੀ ਕਿਹਾ ਕਿ ਨਸ਼ੇ ਖਤਮ ਕਰਨ ਲਈ ਪੁਲੀਸ ਦ੍ਰਿੜ੍ਹ ਹੈ। ਡੀ.ਜੀ.ਪੀ. ਨੇ ਕਿਹਾ ਕਿ ਪੁਲੀਸ ਗੈਂਗਸਟਰਾਂ ਅਤੇ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਦ੍ਰਿੜ੍ਹ ਸੰਕਲਪ ਹੈ ਤੇ ਪੁਲੀਸ ਛੋਟੇ-ਮੋਟੇ ਅਪਰਾਧ ਕਰਨ ਵਾਲੇ ਗੈਂਗਸਟਰਾਂ ਨੂੰ ਮੁੱਖ ਧਾਰਾ ‘ਚ ਵਾਪਸ ਲਿਆਉਣ ਦੇ ਯਤਨ ਕਰੇਗੀ ਉਨ੍ਹਾਂ ਬੀ.ਐੱਸ.ਐੱਫ. ਦੇ ਅਧਿਕਾਰ ਖੇਤਰ ਨੂੰ ਵਧਾਉਣ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਪੁਲੀਸ ਬੀ.ਐੱਸ.ਐੱਫ. ਨਾਲ ਮਿਲ ਕੇ ਪਾਕਿਸਤਾਨ ਵੱਲੋਂ ਆਉਂਦੇ ਨਸ਼ਿਆਂ ਅਤੇ ਹਥਿਆਰਾਂ ਖ਼ਿਲਾਫ਼ ਸਖਤੀ ਕਰੇਗੀ। ਉਨ੍ਹਾਂ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਨੂੰ ਦੇਸ਼ ਵਾਪਸ ਲਿਆਉਣ ਲਈ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਬਾਰੇ ਦੱਸਦਿਆਂ ਕਿਹਾ ਕਿ ਇਸ ਸਬੰਧੀ ਭਾਰਤ ਸਰਕਾਰ ਅਤੇ ਇੰਟਰਪੋਲ ਨਾਲ ਰਾਬਤਾ ਵੀ ਕਾਇਮ ਕੀਤਾ ਜਾ ਰਿਹਾ ਹੈ। ਯਾਦਵ ਨੇ ਪਾਕਿਸਤਾਨ ‘ਚ ਰਹਿੰਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਗੈਂਗਸਟਰ ਹੈਪੀ ਸੰਘੇੜਾ ਦੇ ਮਾਰੇ ਜਾਣ ਬਾਰੇ ਕਿਹਾ ਕਿ ਇਸ ਸਬੰਧੀ ਪੰਜਾਬ ਪੁਲੀਸ ਕੋਲ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਉਨ੍ਹਾਂ ਨਸ਼ਿਆਂ ਖ਼ਿਲਾਫ਼ ਪੁਲੀਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲੀਸ ਨੇ ਇਸ ਸਾਲ 500 ਕਿਲੋਗਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਪੰਜਾਬ ਪੁਲੀਸ ਨੇ ਗੁਜਰਾਤ ਸਮੇਤ ਹੋਰਨਾਂ ਥਾਵਾਂ ‘ਤੇ ਜਾ ਕੇ ਵੀ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ, ਬਿਨਾਂ ਲੋਕਾਂ ਦੀ ਸਹਾਇਤਾ ਦੇ ਨਸ਼ਿਆਂ ਦਾ ਖਾਤਮਾ ਮੁਸ਼ਕਿਲ ਹੈ।
ਕੈਨੇਡਾ ਅਤੇ ਹੋਰ ਦੇਸ਼ਾਂ ‘ਚ ਬੈਠੇ ਗੈਂਗਸਟਰਾਂ ਨੂੰ ਵਾਪਸ ਲਿਆਉਣ ਲਈ ਇੰਟਰਪੋਲ ਨਾਲ ਰਾਬਤਾ ਕਾਇਮ
Related Posts
Add A Comment