ਬਰੈਂਪਟਨ ‘ਚ ਸਥਿਤ ਗੌਰੀ ਸ਼ੰਕਰ ਮੰਦਰ ‘ਤੇ ਹਮਲੇ ਅਤੇ ਭੰਨਤੋੜ ਤੋਂ ਬਾਅਦ ਖਾਲਿਸਤਾਨ ਪੱਖੀ ਨਾਅਰੇ ਲਿਖਣ ਸਬੰਧੀ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਚੰਦਰ ਆਰੀਆ ਦਾ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕੈਨੇਡਾ ‘ਚ ਹਿੰਦੂਆਂ ਖ਼ਿਲਾਫ਼ ਫੈਲ ਰਹੀ ਨਫ਼ਰਤ ਦਾ ਮੁੱਦਾ ਉਠਾਇਆ ਹੈ। ਕੈਨੇਡੀਅਨ ਸੰਸਦ ਮੈਂਬਰ ਆਰੀਆ ਨੇ ਕਿਹਾ ਕਿ ਦੇਸ਼ ‘ਚ ਹਿੰਦੂਫੋਬੀਆ ਜਨਮ ਲੈ ਰਿਹਾ ਹੈ ਅਤੇ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਵਿਰੁੱਧ ਨਫ਼ਰਤੀ ਅਪਰਾਧਾਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਹਿੰਦੂ ਹੁਣ ਬਹੁਤ ਦੁਖੀ ਹਨ। ਆਰੀਆ ਨੇ ਕਿਹਾ ਕਿ ਪਹਿਲਾਂ ਇਹ ਸਾਰੀਆਂ ਨਫਰਤ ਭਰਪੂਰ ਹਰਕਤਾਂ ਸੋਸ਼ਲ ਮੀਡੀਆ ‘ਤੇ ਹੁੰਦੀਆਂ ਸਨ ਪਰ ਹੁਣ ਇਹ ਸਰੀਰਕ ਹਿੰਸਾ ‘ਚ ਬਦਲ ਗਈਆਂ ਹਨ। ਇਸ ਦੇ ਨਾਲ ਹੀ ਆਰੀਆ ਨੇ ਕੈਨੇਡੀਅਨ ਸਰਕਾਰ ਨੂੰ ਹਿੰਦੂਆਂ ਦੀ ਸੁਰੱਖਿਆ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਵਾਂਗ ਹੁਣ ਕੈਨੇਡਾ ‘ਚ ਹਿੰਦੂਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੈਨੇਡਾ ‘ਚ ਹਿੰਦੂ ਅਤੇ ਧਰਮ ਅਧਾਰਤ ਹਮਲਿਆਂ ‘ਚ ਵਾਧਾ ਹੋਇਆ ਹੈ। ਨਫ਼ਰਤੀ ਅਪਰਾਧਾਂ ‘ਚ 72 ਫੀਸਦੀ ਦਾ ਉਛਾਲ ਆਇਆ ਹੈ। ਵੈਨਕੂਵਰ ‘ਚ ਇਤਿਹਾਸਕ ਕਾਮਾਗਾਟਾਮਾਰੂ ਸਮਾਰਕ ਦੀ ਵੀ ਲਗਾਤਾਰ ਤੀਜੀ ਵਾਰ ਭੰਨਤੋੜ ਕੀਤੀ ਗਈ। ਬਰੈਂਪਟਨ ‘ਚ ਗੌਰੀ ਸ਼ੰਕਰ ਮੰਦਰ ਦੇ ਸੰਸਥਾਪਕ ਅਤੇ ਪੁਜਾਰੀ ਨੇ ਭਾਰਤ ਸਰਕਾਰ ਨੂੰ ਕੈਨੇਡਾ ‘ਚ ਭਾਰਤ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਸਾਰੇ ਲੋਕਾਂ ਦੇ ਪਾਸਪੋਰਟ ਰੱਦ ਕਰਨ ਦੀ ਅਪੀਲ ਕੀਤੀ ਹੈ। ਟੋਰਾਂਟੋ ‘ਚ ਭਾਰਤੀ ਕੌਂਸਲੇਟ ਜਨਰਲ ਨੇ ਕਿਹਾ ਕਿ ਮੰਦਰ ਦੀ ਬੇਅਦਬੀ ਨਾਲ ਕੈਨੇਡਾ ‘ਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ।