ਕਈ ਕੈਨੇਡੀਅਨ ਅਤੇ ਅਮਰੀਕਨ ਲੋਕਾਂ ਦੀ ਇਸਲਾਮਿਕ ਸਟੇਟ ਸਮੂਹ ‘ਚ ਸ਼ਾਮਲ ਹੋਣ ‘ਚ ਮਦਦ ਕਰਨ ਦੇ ਦੋਸ਼ ‘ਚ ਕੈਲੀਫੋਰਨੀਆ (ਅਮਰੀਕਾ) ‘ਚ ਰਹਿਣ ਵਾਲੇ ਇਕ ਕੈਨੇਡੀਅਨ ਨਾਗਰਿਕ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਕੈਨੇਡੀਅਨ ਨਾਗਰਿਕ ਨੇ 2013 ਅਤੇ 2014 ‘ਚ ਇਹ ਮਦਦ ਮੁਹੱਈਆ ਕਰਵਾਈ ਜਿਸ ਕਰਕੇ ਉਸ ਨੂੰ ਹੁਣ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਨ ਅਟਾਰਨੀ ਰੈਂਡੀ ਗ੍ਰਾਸਮੈਨ ਨੇ ਇਕ ਬਿਆਨ ‘ਚ ਦੱਸਿਆ ਕਿ ਅਬਦੁੱਲਾਹੀ ਅਹਿਮਦ ਅਬਦੁੱਲਾਹੀ ਨੇ ਸੀਰੀਆ ਵਿੱਚ ‘ਅੱਤਵਾਦ ਦੀਆਂ ਹਿੰਸਕ ਕਾਰਵਾਈਆਂ’ ਲਈ ਸਿੱਧੇ ਤੌਰ ‘ਤੇ ਫੰਡ ਮੁਹੱਈਆ ਕਰਵਾਇਆ ਜਿਸ ‘ਚ ਲੋਕਾਂ ਨੂੰ ਅਗਵਾ ਕਰਨਾ ਅਤੇ ਉਨ੍ਹਾਂ ਦੀ ਹੱਤਿਆ ਕਰਨਾ ਸ਼ਾਮਲ ਹੈ। ਅਬਦੁੱਲਾਹੀ ਨੇ ਇਕ ਪਟੀਸ਼ਨ ਸਮਝੌਤੇ ‘ਚ ਮੰਨਿਆ ਕਿ ਉਸਨੇ ਸੈਨ ਡਇਏਗੋ ਨਿਵਾਸੀ ਡਗਲਸ ਮੈਕਆਰਥਰ ਮੈਕਕੇਨ ਦੀ ਆਈ.ਐਸ. ‘ਚ ਸ਼ਾਮਲ ਹੋਣ ‘ਚ ਮਦਦ ਕੀਤੀ ਸੀ। ਮੈਕਕੇਨ 2014 ‘ਚ ਸੀਰੀਆ ‘ਚ ਸੀਰੀਆ ਵਿਰੋਧੀ ਬਲਾਂ ਵਿਰੁੱਧ ਆਈ.ਐਸ. ਲੜਾਕਿਆਂ ਨਾਲ ਲੜਦੇ ਹੋਏ ਮਾਰਿਆ ਗਿਆ ਸੀ। ‘ਪਟੀਸ਼ਨ ਸਮਝੌਤਾ’ ਇਸਤਗਾਸਾ ਅਤੇ ਬਚਾਅ ਪੱਖ ਵਿਚਕਾਰ ਸਮਝੌਤਾ ਹੁੰਦਾ ਹੈ। ਸਰਕਾਰੀ ਵਕੀਲਾਂ ਨੇ ਕਿਹਾ ਕਿ ਅਬਦੁੱਲਾਹੀ ਨੇ ਮਿਨੀਆਪੋਲਿਸ ਦੇ ਇਕ 18 ਸਾਲਾ ਰਿਸ਼ਤੇਦਾਰ ਅਤੇ ਕੈਨੇਡਾ ਦੇ ਐਡਮਿੰਟਨ ਤੋਂ ਆਪਣੇ ਤਿੰਨ ਰਿਸ਼ਤੇਦਾਰਾਂ ਨੂੰ ਸੀਰੀਆ ‘ਚ ਆਈ.ਐਸ. ‘ਚ ਸ਼ਾਮਲ ਹੋਣ ਲਈ ਪੈਸੇ ਦਿੱਤੇ ਸਨ। ਅਮਰੀਕਨ ਸਰਕਾਰ ਮੁਤਾਬਕ ਇਹ ਸਾਰੇ ਲੋਕ ਮਾਰੇ ਗਏ ਹਨ। ਅਬਦੁੱਲਾਹੀ ਨੂੰ ਕੈਨੇਡੀਅਨ ਅਧਿਕਾਰੀਆਂ ਨੇ 2017 ‘ਚ ਹਿਰਾਸਤ ‘ਚ ਲਿਆ ਸੀ ਅਤੇ ਦੋ ਸਾਲ ਬਾਅਦ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ। ਉਸਨੇ 2021 ‘ਚ ਅੱਤਵਾਦੀਆਂ ਦੀ ਮਦਦ ਸਵੀਕਾਰ ਕੀਤੀ ਸੀ। ਉਸ ਨੇ ਜਨਵਰੀ 2014 ਵਿੱਚ ‘ਐਡਮਿੰਟਨ ਜਿਊਲਰੀ ਸਟੋਰ’ ਨੂੰ ਲੁੱਟਣ ਦੀ ਗੱਲ ਵੀ ਕਬੂਲੀ ਸੀ। ਉਸ ਨੇ ਇਹ ਲੁੱਟ ਆਈ.ਐਸ. ਨੂੰ ਪੈਸਾ ਮੁਹੱਈਆ ਕਰਵਾਉਣ ਲਈ ਕੀਤੀ ਸੀ। ਡਕੈਤੀ ਨੂੰ ਅੰਜਾਮ ਦੇਣ ਤੋਂ ਕੁਝ ਹਫ਼ਤਿਆਂ ਬਾਅਦ ਅਬਦੁੱਲਾਹੀ ਨੇ ਸੀਰੀਆ ‘ਚ ਮੈਕਕੇਨ ਨੂੰ ਪੈਸੇ ਵੀ ਭੇਜੇ।