ਕੈਨੇਡਾ ਦੇ ਲੋਕ ਗਾਇਕ ਇਆਨ ਟਾਈਸਨ ਦਾ 89 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਇਆਨ ਤੇ ਸਿਲਵੀਆ ਦੀ ਮਸ਼ਹੂਰ ਗਾਇਕ ਜੋੜੀ ਨੇ ਕਈ ਭਵਿੱਖੀ ਸੰਗੀਤਕ ਹਸਤੀਆਂ-ਜੌਨੀ ਮਿਸ਼ੇਲ ਤੇ ਨੀਲ ਯੰਗ ਨੂੰ ਵੀ ਗਾਇਕੀ ਦੇ ਖੇਤਰ ‘ਚ ਆਉਣ ਲਈ ਪ੍ਰੇਰਿਤ ਕੀਤਾ। ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਦੇ ਰਹਿਣ ਵਾਲੇ ਟਾਈਸਨ ਦੀ ਮੌਤ ਅਲਬਰਟਾ ਸਥਿਤ ਉਨ੍ਹਾਂ ਦੀ ਰਿਹਾਇਸ਼ ਉਤੇ ਹੋਈ ਹੈ। ਇਥੇ ਉਨ੍ਹਾਂ ਖੇਤੀਬਾੜੀ ਲਈ ਵੱਡੀ ਪੱਧਰ ਉਤੇ ਜ਼ਮੀਨ (ਰੈਂਚ) ਖ਼ਰੀਦੀ ਹੋਈ ਸੀ। ਦੱਸਣਯੋਗ ਹੈ ਕਿ ਟਾਈਸਨ ਟੋਰਾਂਟੋ ‘ਚ ਲੋਕ ਗਾਇਕੀ ਦੀ ਮੁਹਿੰਮ ਦਾ ਹਿੱਸਾ ਰਹੇ ਜਿਸ ਦਾ ਲੋਕਾਂ ਉਤੇ ਕਾਫ਼ੀ ਅਸਰ ਪਿਆ। ਉਨ੍ਹਾਂ ਆਪਣੀ ਪਹਿਲੀ ਪਤਨੀ ਸਿਲਵੀਆ ਟਾਈਸਨ ਨਾਲ ਮਿਲ ਕੇ ਕਈ ਗੀਤਾਂ ਦੀ ਰਚਨਾ ਕੀਤੀ ਜੋ ਸਭਿਆਚਾਰਕ ਪੱਖ ਤੋਂ ਮਕਬੂਲ ਹੋਏ। ਮਗਰੋਂ ਜ਼ਿਆਦਾਤਰ ਸਮਾਂ ਉਨ੍ਹਾਂ ਆਪਣੇ ਖੇਤਾਂ ‘ਚ ਬਿਤਾਇਆ ਤੇ ‘ਕਾਓਬੁਆਏ’ ਵੰਨਗੀ ਦੇ ਗੀਤ ਲਿਖੇ।