ਕਈ ਕਾਰਨਾਂ ਕਰਕੇ ਪਹਿਲਾਂ ਹੀ ਵਿਵਾਦਾਂ ‘ਚ ਰਹਿਣ ਵਾਲੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਇਕ ਵਾਰ ਫਿਰ ਸੁਰਖੀਆਂ ‘ਚ ਹਨ। ਇਸ ਵਾਰ ਉਨ੍ਹਾਂ ਕਿਸਾਨ ਨੇਤਾ ਰਾਕੇਸ਼ ਟਿਕੈਤ ਬਾਰੇ ਇਤਰਾਜ਼ਯੋਗ ਬਿਆਨ ਦਿੱਤਾ ਹੈ। ਟੇਨੀ ਨੇ ਟਿਕੈਤ ਨੂੰ ‘ਦੋ ਕੌਡੀ ਦਾ ਬੰਦਾ’ ਦੱਸਿਆ ਹੈ। ਅਜੈ ਮਿਸ਼ਰਾ, ਜਿਸ ਨੂੰ ਲਖੀਮਪੁਰ ਖੀਰੀ ਹਿੰਸਾ ‘ਚ ਆਪਣੇ ਬੇਟੇ ਆਸ਼ੀਸ਼ ਮਿਸ਼ਰਾ ਦੀ ਕਥਿਤ ਸ਼ਮੂਲੀਅਤ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ‘ਦੋ ਕੌਡੀ ਦਾ ਬੰਦਾ’ ਕਰਾਰ ਦਿੱਤਾ ਜਿਸ ਸਬੰਧੀ ਉਨ੍ਹਾਂ ਦੇ ਭਾਸ਼ਣ ਦੀ ਵੀਡੀਓ ਵਾਇਰਲ ਹੋਈ ਹੈ। ਮਿਸ਼ਰਾ ਨੇ ਕਿਹਾ, ‘ਫਰਜ਼ ਕਰੋ ਮੈਂ ਤੇਜ਼ ਰਫ਼ਤਾਰ ਕਾਰ ‘ਚ ਲਖਨਊ ਜਾ ਰਿਹਾ ਹਾਂ। ਕੁੱਤੇ ਸੜਕ ‘ਤੇ ਭੌਂਕਦੇ ਹਨ ਜਾਂ ਕਾਰ ਦਾ ਪਿੱਛਾ ਕਰਦੇ ਹਨ। ਇਹ ਉਨ੍ਹਾਂ ਦਾ ਸੁਭਾਅ ਹੈ। ਮੈਂ ਇਸ ਬਾਰੇ ਕੁਝ ਨਹੀਂ ਕਹਾਂਗਾ ਕਿਉਂਕਿ ਸਾਡਾ ਇਹ ਸੁਭਾਅ ਨਹੀਂ ਹੈ। ਜਦੋਂ ਗੱਲ ਸਾਹਮਣੇ ਆਵੇਗੀ ਤਾਂ ਮੈਂ ਸਾਰਿਆਂ ਨੂੰ ਜਵਾਬ ਦਿਆਂਗਾ। ਮੈਨੂੰ ਤੁਹਾਡੇ ਸਮਰਥਨ ਕਾਰਨ ਭਰੋਸਾ ਹੈ। ਲੋਕ ਸਵਾਲ ਉਠਾਉਂਦੇ ਰਹਿੰਦੇ ਹਨ।’ ਮੰਤਰੀ ਨੇ ਕਿਹਾ, ‘ਲੋਕ ਸਵਾਲ ਉਠਾਉਂਦੇ ਰਹਿੰਦੇ ਹਨ। ਬੇਵਕੂਫ਼ ਪੱਤਰਕਾਰ ਵੀ ਹਨ, ਜਿਨ੍ਹਾਂ ਦਾ ਪੱਤਰਕਾਰੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਹ ਅਜਿਹੀਆਂ ਬੇਬੁਨਿਆਦ ਗੱਲਾਂ ਨਾਲ ਭੰਬਲਭੂਸਾ ਪੈਦਾ ਕਰਨਾ ਚਾਹੁੰਦੇ ਹਨ। ਮੈਂ ਰਾਕੇਸ਼ ਟਿਕੈਤ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ‘ਦੋ ਕੌਡੀ ਦਾ ਬੰਦਾ ਹੈ’। ਉਹ ਦੋ ਵਾਰ ਚੋਣ ਲੜਿਆ ਅਤੇ ਜ਼ਮਾਨਤ ਜ਼ਬਤ ਕਰਵਾ ਕੇ ਗਿਆ। ਜੇਕਰ ਇਸ ਤਰ੍ਹਾਂ ਦਾ ਆਦਮੀ ਕਿਸੇ ਦਾ ਵਿਰੋਧ ਕਰਦਾ ਹੈ, ਜਿਸ ਦੀ ਕੋਈ ਵੁੱਕਤ ਨਹੀਂ, ਮੈਂ ਉਸ ਦੀ ਗੱਲ ਦਾ ਜੁਆਬ ਵੀ ਨਹੀਂ ਦਿੰਦਾ।’ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਦਾ ਇਕ ਵਾਰ ਫਿਰ ਜ਼ਬਰਦਸਤ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਚੁਫੇਰਿਓਂ ਨਿਖੇਧੀ ਹੋ ਰਹੀ ਹੈ।