ਕੈਥਰੀਨ ਮੇਓਰਗਾ ਨਾਂ ਦੀ ਮਾਡਲ ਨੇ 13 ਸਾਲ ਪੁਰਾਣੇ ਰੇਪ ਮਾਮਲੇ ‘ਚ ਇਕ ਵਾਰ ਫਿਰ ਅਮਰੀਕਨ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਹੈ। ਮਾਡਲ ਨੇ ਦਾਅਵਾ ਕੀਤਾ ਕਿ 2009 ‘ਚ ਲਾਸ ਵੇਗਾਸ ਦੇ ਇਕ ਹੋਟਲ ‘ਚ ਕ੍ਰਿਸਟੀਆਨੋ ਰੋਨਾਲਡੋ ਨੇ ਉਸ ਨਾਲ ਰੇਪ ਕੀਤਾ ਸੀ। ਦਰਅਸਲ 36 ਸਾਲਾ ਕੈਥਰੀਨ ਮੇਓਰਗਾ ਨੇ ਕਾਫੀ ਸਮਾਂ ਪਹਿਲਾਂ ਰੋਨਾਲਡੋ ‘ਤੇ ਰੇਪ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਕਾਫੀ ਦੇਰ ਤੱਕ ਮਾਮਲਾ ਅਦਾਲਤ ‘ਚ ਚੱਲਿਆ। ਹਾਲ ਹੀ ‘ਚ ਅਮਰੀਕਾ ਦੀ ਇਕ ਅਦਾਲਤ ਨੇ ਕ੍ਰਿਸਟੀਆਨੋ ਰੋਨਾਲਡੋ ਨੂੰ ਇਸ ਮਾਮਲੇ ‘ਚ ਬਰੀ ਕਰ ਦਿੱਤਾ ਸੀ ਪਰ ਹੁਣ ਮਾਡਲ ਨੇ ਇਸ ਫੈਸਲੇ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਹੈ। ਜ਼ਿਕਰਯੋਗ ਹੈ ਕਿ ਕੈਥਰੀਨ ਮੇਓਰਗਾ ਨੇ ਰੇਪ ਦਾ ਦੋਸ਼ ਲਗਾਉਂਦੇ ਹੋਏ ਰੋਨਾਲਡੋ ਤੋਂ 3,75,000 ਡਾਲਰ ਹਰਜਾਨੇ ਦੀ ਮੰਗ ਕੀਤੀ ਸੀ। ਪਰ ਇਸ ਤੋਂ ਬਾਅਦ ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਲੰਬੇ ਸਮੇਂ ਤੋਂ ਚੱਲ ਰਹੇ ਇਸ ਮਾਮਲੇ ‘ਚ ਅਮਰੀਕਾ ਦੀ ਇਕ ਅਦਾਲਤ ‘ਚ ਇਸ ਸਾਲ ਜੂਨ ‘ਚ ਜੱਜ ਜੈਨੀਫਰ ਡੋਰਸੀ ਨੇ ਇਸ ਮਾਮਲੇ ‘ਚ ਆਪਣਾ ਫ਼ੈਸਲਾ ਸੁਣਾਇਆ ਸੀ। ਹੁਕਮ ‘ਚ ਕਿਹਾ ਗਿਆ ਸੀ ਕਿ ਕੈਥਰੀਨ ਮੇਓਰਗਾ ਦੇ ਵਕੀਲ ਨੇ ਨਿਯਮਾਂ ਤਹਿਤ ਇਹ ਕੇਸ ਨਹੀਂ ਲੜਿਆ ਹੈ। ਜੋ ਸ਼ਿਕਾਇਤ ਦਰਜ ਕੀਤੀ ਗਈ ਹੈ, ਉਸ ਦੀ ਪ੍ਰਕਿਰਿਆ ਸਹੀ ਨਹੀਂ ਹੈ। ਇਹੀ ਕਾਰਨ ਹੈ ਕਿ ਇਸ ਕੇਸ ਨੂੰ ਅਦਾਲਤ ‘ਚ ਅੱਗੇ ਨਹੀਂ ਲਿਜਾਇਆ ਜਾ ਸਕਦਾ ਹੈ ਅਤੇ ਅਦਾਲਤ ਨੇ ਇਸ ਕੇਸ ਨੂੰ ਰੱਦ ਕਰ ਦਿੱਤਾ। ਇਸ ਮਾਮਲੇ ‘ਚ 2019 ‘ਚ ਵੀ ਅਦਾਲਤ ਨੇ ਕਿਹਾ ਸੀ ਕਿ ਕ੍ਰਿਸਟੀਆਨੋ ਰੋਨਾਲਡੋ ‘ਤੇ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸਿਰਫ ਸ਼ੱਕ ਦੇ ਆਧਾਰ ‘ਤੇ ਹੈ। ਰਿਪੋਰਟ ਮੁਤਾਬਕ ਇਸ ਵਾਰ ਮਾਡਲ ਕੈਥਰੀਨ ਮੇਓਰਗਾ ਨੇ ਨੌਵੇਂ ਸਰਕਟ ਲਈ ਯੂ.ਐੱਸ. ਕੋਰਟ ਆਫ ਅਪੀਲ ‘ਚ ਬਰਖਾਸਤਗੀ ਦੀ ਧਾਰਾ ਦੇ ਤਹਿਤ ਇਕ ਪਟੀਸ਼ਨ ਦਾਇਰ ਕੀਤੀ ਹੈ।