ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਜੱਦੀ ਪਿੰਡ ‘ਚ ਬਣਾਈ ਹਵੇਲੀ ਵਿਖੇ ਐਤਵਾਰ ਨੂੰ ਪੁੱਜੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਉਸ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਕ ਵਾਰ ਫਿਰ ਹੱਲਾ ਬੋਲਿਆ। ਇਸ ‘ਚ ਉਨ੍ਹਾਂ ਸਰਕਾਰਾਂ ਦੇ ਨਾਲ ਕਾਂਗਰਸ ਪਾਰਟੀ ਨੂੰ ਵੀ ਰਗੜਾ ਲਾਇਆ। ਉਨ੍ਹਾਂ ਕਿਹਾ ਕਿ ਗੋਲੀਆਂ ਮਾਰਨ ਵਾਲੇ ਫੜ ਲਏ ਤੱਕ ਗੱਲ ਠੀਕ ਹੈ ਪਰ ਗੋਲੀਆਂ ਮਰਵਾਈਆਂ ਕਿਸ ਨੇ ਇਹ ਤਾਂ ਦੱਸ ਦਿਉ। ਘਟਨਾ ਨੂੰ 10 ਮਹੀਨੇ ਹੋ ਚੱਲੇ ਹਨ ਪਰ ਹਾਲੇ ਤੱਕ ਸਰਕਾਰ ਤੇ ਪੁਲੀਸ ਇਹ ਵੀ ਪਤਾ ਨਹੀਂ ਲਗਾ ਸਕੀ ਕਿ ਗੋਲੀਆਂ ਚਲਵਾਉਣ ਵਾਲੇ ਕੌਣ ਸਨ ਅਤੇ ਉਨ੍ਹਾਂ ਦਾ ਮਕਸਦ ਕੀ ਸੀ। ਇਹੋ ਜੇਕਰ ਕੋਈ ਵੱਡਾ ਲੀਡਰ ਜਾਂ ਮੰਤਰੀ ਇਸ ਤਰ੍ਹਾਂ ਮਰਿਆ ਹੁੰਦਾ ਤਾਂ ਦਿਨਾਂ ‘ਚ ਹੀ ਸਭ ਕੁਝ ਸਾਫ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਜੇਕਰ ਸਰਕਾਰ ਨਹੀਂ ਚੱਲਦੀ, ਹਾਲਾਤ ਨਹੀਂ ਸੰਭਾਲੇ ਜਾਂਦੇ ਤਾਂ ਲਾਂਭੇ ਹੋ ਜਾਣ। ਫਿਰ ਚਾਹੇ ਰਾਸ਼ਟਰਪਤੀ ਰਾਜ ਲੱਗੇ ਜਾਂ ਕੋਈ ਹੋਰ ਪ੍ਰਬੰਧ ਹੋਵੇ। ਉਨ੍ਹਾਂ ਕਿਹਾ ਕਿ ਟਿਕਟ ਦੇਣ ਵਾਲਿਆਂ ਅਤੇ ਦੂਜਿਆਂ ਨੇ ਅੱਜ ਤੱਕ ਵਿਧਾਨ ਸਭਾ ਜਾਂ ਲੋਕ ਸਭਾ ‘ਚ ਸਿੱਧੂ ਮੂਸੇਵਾਲਾ ਦਾ ਜ਼ਿਕਰ ਤੱਕ ਨਹੀਂ ਕੀਤਾ। ਸਾਊਦੀ ਅਰਬ ‘ਚ ਇਓਂ ਕਤਲ ਨਹੀਂ ਹੁੰਦੇ ਕਿਉਂਕਿ ਕਾਨੂੰਨ ਸਖ਼ਤ ਹਨ ਤੇ ਕਾਨੂੰਨ ਦਾ ਡਰ ਵੀ ਹੈ। ਭਗਵੰਤ ਮਾਨ ਸਰਕਾਰ ਵੀ ਫ਼ੈਸਲੇ ਲਵੇ ਜੋ ਲੈਣੇ ਹੀ ਪੈਣੇ ਹਨ ਨਹੀਂ ਲਾਂਭੇ ਹੋ ਜਾਣ।
ਓਧਰ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ 25 ਅਪ੍ਰੈਲ ਤੋਂ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਧਮਕੀਆਂ ਰਾਜਸਥਾਨ ਦੇ ਜੋਧਪੁਰ ਸ਼ਹਿਰ ਦੇ ਆਸ-ਪਾਸ ਦੇ ਨੌਜਵਾਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਪਤਾ ਲੱਗਾ ਹੈ ਕਿ ਮਾਨਸਾ ਪੁਲੀਸ ਇਨ੍ਹਾਂ ਨੌਜਵਾਨਾਂ ਨੂੰ ਫੜਨ ਲਈ ਰਾਜਸਥਾਨ ‘ਚ ਛਾਪੇਮਾਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਾਕਿਸਤਾਨ ਦੇ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਸੂਤਰਾਂ ਮੁਤਾਬਕ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪਾਕਿਸਤਾਨੀ ਨੰਬਰ ਤੋਂ ਧਮਕੀ ਮਿਲੀ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮੂਸੇਵਾਲਾ ਕੋਲ ਪਹੁੰਚਾਉਣ ਦੀ ਗੱਲ ਕਹੀ ਗਈ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਜਿਸ ਦੇ ਲਈ ਜਾਂਚ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਪੰਜਾਬੀ ਗਾਇਕ ਗੁਰਦਾਸ ਮਾਨ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਉਨ੍ਹਾਂ ਦੇ ਪਿੰਡ ਵਿਚਲੀ ਹਵੇਲੀ ਪਹੁੰਚੇ। ਇਸ ਦੌਰਾਨ ਉਹ ਮਰਹੂਮ ਪੰਜਾਬੀ ਗਾਇਕ ਦੀ ਤਸਵੀਰ ਮੂਹਰੇ ਜਾ ਕੇ ਭਾਵੁਕ ਹੋ ਗਏ। ਇਸ ਦੇ ਨਾਲ-ਨਾਲ ਉਨ੍ਹਾਂ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਨਾਲ ਵੀ ਦੁੱਖ ਵੰਡਾਇਆ। ਗੁਰਦਾਸ ਮਾਨ ਨੇ ਚੌਂਕੇ ‘ਤੇ ਬਹਿ ਕੇ ਪਰਿਵਾਰ ਨਾਲ ਰੋਟੀ ਵੀ ਖਾਧੀ। ਇਸ ਮੰਦਭਾਗੀ ਘਟਨਾ ਨੂੰ ਦੋ ਮਹੀਨਿਆਂ ‘ਚ ਪੂਰਾ ਇਕ ਸਾਲ ਹੋ ਜਾਵੇਗਾ। ਹਾਲ ਹੀ ‘ਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੁੱਤਰ ਦੀ ਪਹਿਲੀ ਬਰਸੀ 19 ਮਾਰਚ ਨੂੰ ਮਾਨਸਾ ਵਿਖੇ ਮਨਾਈ ਜਾਵੇਗੀ।
ਕਤਲ ਪਿੱਛੇ ਕੌਣ ਸੀ ਇਹ ਤਾਂ ਦੱਸੋ, ਸਲਮਾਨ ਖਾਨ ਸਮੇਤ ਜਾਨੋਂ ਮਾਰਨ ਦੀ ਧਮਕੀ
Related Posts
Add A Comment