ਮਰਹੂਮ ਗਾਇਕ ਸ਼ੁੱਭਦੀਪ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਲੋਕਾਂ ਨਾਲ ਰੂਬਰੂ ਹੁੰਦੇ ਹੋਏ ਉਨ੍ਹਾਂ ਦੇ ਪਿਆਰ ਲਈ ਧੰਨਵਾਦ ਕੀਤਾ ਹੈ ਤੇ ਮਨ ਦੀ ਗੱਲ ਵੀ ਕੀਤੀ ਹੈ। ਚਰਨ ਕੌਰ ਨੇ ਕਿਹਾ ਕਿ ਸਭ ਦੀਆਂ ਦੁਆਵਾਂ ਸਦਕਾ ਸ਼ੁੱਭਦੀਪ ਦੇ ਪਿਤਾ ਬਲਕੌਰ ਸਿੰਘ ਬਿਲਕੁਲ ਠੀਕ ਹਨ। ਉਨ੍ਹਾਂ ਕਿਹਾ ਕਿ ਹਾਲੇ ਡਾਕਟਰਾਂ ਨੇ ਉਨ੍ਹਾਂ ਨੂੰ ਮਿਲਣ ਤੋਂ ਪਰਹੇਜ਼ ਕਰਨ ਲਈ ਆਖਿਆ ਹੈ ਪਰ ਜਨਤਕ ਉਤਸ਼ਾਹ ਦੇਖ ਕੇ ਕਹਿ ਸਕਦੇ ਹਾਂ ਕਿ ਜੇ ਸਾਡੇ ਪੁੱਤ ਨੂੰ ਸਾਡੇ ਕੋਲੋਂ ਖੋਹ ਲਿਆ ਗਿਆ ਹੈ ਤਾਂ ਤੁਹਾਡੇ ਵਿੱਚੋਂ ਹਜ਼ਾਰਾਂ ਪੁੱਤਰ ਮਿਲੇ ਹਨ। ਉਨ੍ਹਾਂ ਅੱਗੇ ਕਿਹਾ, ‘ਸਾਨੂੰ ਪੀ.ਜੀ.ਆਈ. ‘ਚ ਇਲਾਜ ਦੌਰਾਨ ਕੋਈ ਦਿੱਕਤ ਨਹੀਂ ਆਈ ਕਿਉਂਕਿ ਸਾਨੂੰ ਸਭ ਨੇ ਬਹੁਤ ਸਤਿਕਾਰ ਦਿੱਤਾ। ਪੈਸਾ ਤਾਂ ਦੁਨੀਆਂ ਕਮਾ ਲੈਂਦੀ ਹੈ ਪਰ ਦੁਨੀਆਂ ਕਮਾਉਣੀ ਕਿਸੇ ਦੇ ਹੀ ਹਿੱਸੇ ਆਉਂਦੀ ਹੈ। ਜੋ ਕਮਾਈ ਸਾਡਾ ਪੁੱਤ ਕਰ ਕੇ ਗਿਆ ਹੈ, ਸਾਨੂੰ ਲੱਗਦਾ ਹੈ ਕਿ ਉਸ ਤੋਂ ਉੱਪਰ ਹੋਰ ਕੁਝ ਨਹੀਂ ਹੈ।’ ਉਨ੍ਹਾਂ ਅੱਗੇ ਕਿਹਾ ‘ਨੌਜਵਾਨਾਂ ਨੂੰ ਆਪਣਾ ਭਵਿੱਖ ਸੰਵਾਰਨਾ ਚਾਹੀਦਾ ਹੈ। ਗੈਂਗਸਟਰਾਂ ਦੀਆਂ ਗੱਲਾਂ ‘ਚ ਆ ਕੇ ਆਪਣਾ ਭਵਿੱਖ ਤਬਾਹ ਨਹੀਂ ਕਰਨਾ ਚਾਹੀਦਾ। ਕਰੀਬ ਚਾਰ ਮਹੀਨੇ ਹੋ ਗਏ ਹਨ ਪਰ ਕਿਸੇ ਸਰਕਾਰ ਨੂੰ ਇਸ ਦੀ ਕੋਈ ਫ਼ਿਕਰ ਨਹੀਂ ਹੈ ਕਿ ਸ਼ੁੱਭਦੀਪ ਦੇ ਕਾਤਲਾਂ ਨੂੰ ਫੜ ਕੇ ਕਿਵੇਂ ਸਜ਼ਾ ਦੇਣੀ ਹੈ। ਜਿਹੜੇ ਗੈਂਗਸਟਰ, ਲੋਕਾਂ ਦੇ ਪੁੱਤਾਂ ਨੂੰ ਮਾਰਦੇ ਹਨ, ਉਨ੍ਹਾਂ ਨੂੰ ਫ਼ਾਂਸੀ ਹੋਣੀ ਚਾਹੀਦੀ ਹੈ। ਹਰ ਇਕ ਵਿਅਕਤੀ ਆਪਣੇ ਬੱਚੇ ਨੂੰ ਖ਼ੁਦ ਤਿਆਰ ਕਰੇ। ਬੱਚਿਆਂ ਨੂੰ ਅਜਿਹਾ ਬਣਾਉਣਾ ਚਾਹੀਦਾ ਹੈ ਕਿ ਉਹ ਕਿਰਤ ਕਰਨ, ਅੱਗੇ ਵਧਣ ਤੇ ਮਾੜੇ ਰਸਤਿਆਂ ‘ਤੇ ਨਾ ਪੈਣ। ਜਿਹੜੇ ਨੌਜਵਾਨ ਮਾੜੇ ਰਸਤੇ ਪੈਂਦੇ ਹਨ, ਉਨ੍ਹਾਂ ਦੇ ਪਰਿਵਾਰ ਨੂੰ ਬਾਅਦ ‘ਚ ਕੋਈ ਨਹੀਂ ਪੁੱਛਦਾ। ਆਪਣੀ ਲੜਾਈ ਆਪ ਲੜ੍ਹਣੀ ਪਵੇਗੀ।’ ਪਿੰਡ ਮੂਸਾ ਵਿੱਚ ਸਮਾਗਮ ਦੌਰਾਨ ਮਾਤਾ ਚਰਨ ਕੌਰ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਭਵਿੱਖ ਖ਼ੁਦ ਸੰਵਾਰਨਾ ਚਾਹੀਦਾ ਹੈ। ਗੈਂਗਸਟਰਾਂ ਦੀਆਂ ਅਪੀਲਾਂ ਉਨ੍ਹਾਂ ਨੂੰ ਕੁਰਾਹੇ ਪਾਉਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਚਾਰ ਮਹੀਨੇ ਬੀਤਣ ਮਗਰੋਂ ਵੀ ਕਿਸੇ ਸਰਕਾਰ ਨੂੰ ਇਨਸਾਫ਼ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਇਸ ਤੋਂ ਘੱਟ ਸਜ਼ਾ ਉਨ੍ਹਾਂ ਨਾਲ ਬੇਇਨਸਾਫ਼ੀ ਹੋਵੇਗੀ।