ਇਸ ਕਿਸਮ ਦੀਆਂ ਇੱਕਾ ਦੁੱਕਾ ਖ਼ਬਰਾਂ ਪਹਿਲਾਂ ਵੀ ਆਈਆਂ ਹਨ ਅਤੇ ਇਤਫਾਕਨ ਇਨ੍ਹਾਂ ‘ਚੋਂ ਜ਼ਿਆਦਾਤਰ ਦਾ ਸਬੰਧ ਦੁਨੀਆਂ ਦੇ ਅਗਾਂਹਵਧੂ ਮੁਲਕ ਅਮਰੀਕਾ ਨਾਲ ਹੀ ਮਿਲਿਆ। ਹੁਣ ਤਾਜ਼ਾ ਮਾਮਲਾ ਮਿਸੂਰੀ ਸੂਬੇ ‘ਚ ਸਾਹਮਣੇ ਆਇਆ ਜਿੱਥੇ ਕਤਲ ਦੇ ਦੋਸ਼ ‘ਚ ਕਰੀਬ 28 ਸਾਲ ਸਲਾਖਾਂ ਪਿੱਛੇ ਬਿਤਾਉਣ ਵਾਲੇ ਇਕ ਵਿਅਕਤੀ ਨੂੰ ਅਦਾਲਤ ਨੇ ਬੇਕਸੂਰ ਕਰਾਰ ਦਿੱਤਾ ਹੈ। ਜੱਜ ਡੇਵਿਡ ਮੇਸਨ ਦੀ ਅਦਾਲਤ ‘ਚ ਸੁਣਵਾਈ ਤੋਂ ਬਾਅਦ ਸਬੂਤਾਂ ਦੇ ਆਧਾਰ ‘ਤੇ 50 ਸਾਲਾ ਲੈਮਰ ਜੌਨਸਨ ਨੂੰ ਬੇਕਸੂਰ ਪਾਇਆ ਗਿਆ ਅਤੇ ਉਨ੍ਹਾਂ ਸੇਂਟ ਲੁਈਸ ਕੋਰਟ ਰੂਮ ਤੋਂ ਸਨਮਾਨ ਨਾਲ ਰਿਹਾਅ ਕੀਤਾ ਗਿਆ। ਉਨ੍ਹਾਂ ਨੂੰ 1994 ‘ਚ ਇਕ ਵਿਅਕਤੀ ਮਾਰਕਸ ਬੌਇਡ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਪਿਛਲੇ ਸਾਲ ਅਟਾਰਨੀ ਕਿਮ ਗਡਨਰ ਨੇ ਇਨੋਸੈਂਸ ਪ੍ਰੋਜੈਕਟ ਗੈਰ-ਲਾਭਕਾਰੀ ਕਾਨੂੰਨੀ ਸੰਗਠਨ ਨਾਲ ਮਿਲ ਕੇ ਜਾਂਚ ਕਰਨ ਤੋਂ ਬਾਅਦ ਜੌਨਸਨ ਦੀ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ਦਾਇਰ ਕੀਤੀ ਸੀ। ਸੁਣਵਾਈ ਤੋਂ ਬਾਅਦ ਜੌਨਸਨ ਦੀ ਕਾਨੂੰਨੀ ਟੀਮ ਨੇ ਰਾਜ ਦੇ ਅਟਾਰਨੀ ਜਨਰਲ ਦੇ ਦਫਤਰ ਦੀ ਆਲੋਚਨਾ ਕੀਤੀ ਜਿਸ ਕਾਰਨ ਉਨ੍ਹਾਂ ਨੂੰ ਇੰਨੇ ਸਾਲਾਂ ਤੱਕ ਜੇਲ੍ਹ ‘ਚ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਅਕਤੂਬਰ 1994 ‘ਚ ਜੌਨਸਨ ਦੇ ਸਾਹਮਣੇ ਵਾਲੇ ਵਿਹੜੇ ‘ਚ 2 ਨਕਾਬਪੋਸ਼ ਵਿਅਕਤੀਆਂ ਨੇ ਮਾਰਕਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਜੌਨਸਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਆਪਣੇ ਬਚਾਅ ‘ਚ ਵਾਰ-ਵਾਰ ਕਿਹਾ ਹੈ ਕਿ ਜਦੋਂ ਹਮਲਾ ਹੋਇਆ, ਉਦੋਂ ਉਹ ਘਰ ਨਹੀਂ ਸੀ। ਹੁਣ ਇਕ ਹੋਰ ਕੈਦੀ ਨੇ ਕਬੂਲ ਕੀਤਾ ਕਿ ਉਸਨੇ ਬੌਇਡ ਨੂੰ ਇਕ ਹੋਰ ਸ਼ੱਕੀ ਫਿਲ ਕੈਂਪਬੇਲ ਨਾਲ ਮਿਲ ਕੇ ਗੋਲੀ ਮਾਰੀ ਸੀ। ਉਸ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ।