ਖੂਨ ਦੇ ਰਿਸ਼ਤੇ ਕਿਵੇਂ ਪਾਣੀ ਹੁੰਦੇ ਜਾ ਰਹੇ ਹਨ, ਇਸ ਦੀ ਤਾਜ਼ਾ ਮਿਸਾਲ ਅਬੋਹਰ ਨੇੜਲੇ ਪਿੰਡ ਬਹਾਵਲਵਾਸੀ ‘ਚ ਦੇਖਣ ਨੂੰ ਮਿਲੀ। ਇਥੇ ਇਕ ਔਰਤ ਨੇ ਆਪਣੇ ਪੁੱਤਰ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਘਰ ਦੇ ਵਿਹੜੇ ‘ਚ ਟੋਆ ਪੁੱਟ ਕੇ ਦੱਬ ਦਿੱਤੀ। ਇਹ ਘਟਨਾ ਇਕ ਮਹੀਨਾ ਪਹਿਲਾਂ ਦੀ ਹੈ ਜਿਸ ਸਬੰਧੀ ਉਕਤ ਔਰਤ ਵੱਲੋਂ ਪੁਲੀਸ ਕੋਲ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਪੁਲੀਸ ਦੀ ਪੁੱਛ-ਪੜਤਾਲ ਦੌਰਾਨ ਮੁਲਜ਼ਮ ਔਰਤ ਨੇ ਆਪਣੇ ਪਤੀ ਦੇ ਕਤਲ ਦੀ ਗੱਲ ਕਬੂਲ ਕੀਤੀ। ਉਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਪੁਲੀਸ ਨੇ ਲਾਸ਼ ਬਰਾਮਦ ਕਰਕੇ ਮਾਂ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੱਖਣ ਸਿੰਘ (50) ਨੂੰ ਸ਼ੱਕ ਸੀ ਕੇ ਉਸ ਦੀ ਪਤਨੀ ਸੁਖਪਾਲ ਕੌਰ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹਨ ਜਿਸ ਕਰਕੇ ਦੋਵਾਂ ਵਿਚਾਲੇ ਅਕਸਰ ਲੜਾਈ ਰਹਿੰਦੀ ਸੀ। ਲਗਪਗ ਇਕ ਮਹੀਨਾ ਪਹਿਲਾਂ ਦੋਵਾਂ ‘ਚ ਇਸ ਗੱਲ ‘ਤੇ ਝਗੜਾ ਹੋਇਆ ਜਿਸ ਮਗਰੋਂ ਸੁਖਪਾਲ ਕੌਰ ਨੇ ਆਪਣੇ ਲੜਕੇ ਪ੍ਰਦੀਪ ਨਾਲ ਮਿਲ ਕੇ ਮੱਖਣ ਸਿੰਘ ਦਾ ਕਤਲ ਕਰ ਦਿੱਤਾ ਤੇ 18 ਅਕਤੂਬਰ ਨੂੰ ਸੁਖਪਾਲ ਕੌਰ ਨੇ ਪੁਲੀਸ ਕੋਲ ਮੱਖਣ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ। ਇੰਸਪੈਕਟਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਮਹੀਨੇ ਮਗਰੋਂ ਸੁਖਪਾਲ ਕੌਰ ਨੇ ਇਹ ਗੱਲ ਕਬੂਲ ਕੀਤੀ ਕਿ 7-8 ਅਕਤੂਬਰ ਦੀ ਰਾਤ ਨੂੰ ਉਸ ਨੇ ਆਪਣੇ ਪੁੱਤਰ ਨਾਲ ਰਲ ਕੇ ਮੱਖਣ ਸਿੰਘ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕੀਤੀ ਸੀ। ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।