ਅਮਰੀਕਾ ਦੇ ਪੱਛਮੀ ਕੈਂਟੁਕੀ ‘ਚ ਪੁਰਸ਼ਾਂ ਦੇ ਇਕ ਸ਼ੈਲਟਰ ‘ਚ ਹੋਈ ਫਾਇਰਿੰਗ ‘ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ‘ਚ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੈਂਡਰਸਨ ਪੁਲੀਸ ਵਿਭਾਗ ਨੇ ਇਕ ਬਿਆਨ ‘ਚ ਕਿਹਾ ਕਿ ਹਾਰਬਰ ਹਾਊਸ ਕ੍ਰਿਸ਼ਚੀਅਨ ਸੈਂਟਰ ‘ਚ ਇਕ ਸ਼ੂਟਰ ਦੇ ਹੋਣ ਦੀ ਸੂਚਨਾ ‘ਤੇ ਅਧਿਕਾਰੀਆਂ ਨੇ ਸ਼ਾਮ ਨੂੰ ਕਾਰਵਾਈ ਕੀਤੀ। ਹੈਂਡਰਸਨ ਸ਼ਹਿਰ ਦੇ ਕਮਿਸ਼ਨਰ ਰਾਬਰਟ ਪਰੂਇਟ ਨੇ ਇੰਡੀਆਨਾ ਦੇ ਇਵਾਂਸਵਿਲੇ ‘ਚ ਦੱਸਿਆ ਕਿ ਫਾਇਰਿੰਗ ਸ਼ਾਮ ਲਗਭਗ 7:40 ‘ਤੇ ਹੋਈ ਅਤੇ ਉਸ ਸਮੇਂ ਲਗਭਗ 15 ਲੋਕ ਕੇਂਦਰ ਦੇ ਅੰਦਰ ਸਨ। ਪੁਲੀਸ ਨੇ ਸ਼ੱਕੀ ਦੀ ਪੱਛਾਣ ਹੈਂਡਰਸਨ ਦੇ ਕੈਨੇਥ ਬੀ. ਗਿਬਸ ਵਜੋਂ ਕੀਤੀ ਹੈ ਅਤੇ ਕਿਹਾ ਕਿ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਹੈਂਡਰਸਨ ਦੇ ਪੁਲੀਸ ਮੁਖੀ ਸੀਨ ਮੈਕਕਿਨੀ ਨੇ ਦੱਸਿਆ ਕਿ ਸ਼ੈਲਟਰ ਹੋਮ ‘ਚ ਚਸ਼ਮਦੀਦਾਂ ਵੱਲੋਂ ਗਿਬਸ ਨੂੰ ਸ਼ੂਟਰ ਦੇ ਰੂਪ ‘ਚ ਪਛਾਣਿਆ ਗਿਆ ਹੈ ਅਤੇ ਜਦ ਉਹ ਮਿਲਿਆ ਤਾਂ ਉਸ ਦੇ ਕੋਲ ਹਥਿਆਰ ਸਨ। ਹੈਂਡਰਸਨ ਪੁਲੀਸ ਲੈਫਟੀਨੈਂਟ ਸਟੀਵਰਟ ਓ’ਨਾਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜ਼ਖਮੀ ਲੋਕਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਗਿਬਸ ਨੂੰ ਹੈਂਡਰਸਨ ਕਾਊਂਟੀ ਜੇਲ੍ਹ ‘ਚ ਰੱਖਿਆ ਗਿਆ ਹੈ।