ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਸਮੇਂ ਗ੍ਰਹਿ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਪਾਸੋਂ ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਪੁੱਛ-ਪੜਤਾਲ ਕਰਨ ਮਗਰੋਂ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਪੰਜਾਬ ਪੁਲੀਸ ਦੇ ਤਿੰਨ ਸੀਨੀਅਰ ਪੁਲੀਸ ਅਧਿਕਾਰੀਆਂ ਤੋਂ ਪੁੱਛ-ਪੜਤਾਲ ਕੀਤੀ ਹੈ। ਜਾਂਚ ਟੀਮ ਨੇ ਤਤਕਾਲੀ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ, ਅਮਰ ਸਿੰਘ ਚਾਹਲ ਅਤੇ ਫਰੀਦਕੋਟ ਦੇ ਐੱਸ.ਐੱਸ.ਪੀ. ਸੁਖਮਿੰਦਰ ਸਿੰਘ ਮਾਨ ਨੂੰ ਪੜਤਾਲ ਲਈ ਬੁਲਾਇਆ ਸੀ। ਇਹ ਤਿੰਨੇ ਅਧਿਕਾਰੀ ਗੋਲੀ ਕਾਂਡ ਵੇਲੇ ਕੋਟਕਪੂਰਾ ‘ਚ ਹਾਜ਼ਰ ਸਨ। ਜਾਂਚ ਟੀਮ ਪੁਲੀਸ ਅਧਿਕਾਰੀਆਂ ਤੋਂ ਹੋਈ ਪੁੱਛ-ਪੜਤਾਲ ਦਾ ਵੇਰਵਾ 17 ਦਸੰਬਰ ਨੂੰ ਫ਼ਰੀਦਕੋਟ ਦੀ ਅਦਾਲਤ ‘ਚ ਪੇਸ਼ ਕਰੇਗੀ ਜਿੱਥੇ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਹੋ ਰਹੀ ਹੈ। ਹਾਈ ਕੋਰਟ ਦੇ ਹੁਕਮਾਂ ‘ਤੇ ਜਾਂਚ ਟੀਮ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਹੈ। ਇਸ ਤੋਂ ਪਹਿਲਾਂ ਹੋਈਆਂ ਪੜਤਾਲਾਂ ਦੀਆਂ ਰਿਪੋਰਟਾਂ ਨੂੰ ਹਾਈ ਕੋਰਟ ਨੇ ਰੱਦ ਕਰਕੇ ਨਵੀਂ ਜਾਂਚ ਟੀਮ ਦਾ ਗਠਨ ਕਰਨ ਦੀ ਹਦਾਇਤ ਕੀਤੀ ਸੀ। ਦੱਸਣਯੋਗ ਹੈ ਕਿ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ‘ਚ ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਲਈ ਰੋਸ ਧਰਨਾ ਚੱਲ ਰਿਹਾ ਹੈ। ਪੰਥਕ ਇਕੱਠ ਤੋਂ ਐਨ ਇਕ ਦਿਨ ਪਹਿਲਾਂ ਪੁਲੀਸ ਅਧਿਕਾਰੀਆਂ ਨੂੰ ਜਾਂਚ ‘ਚ ਸ਼ਾਮਲ ਕਰਕੇ ਪੀੜਤਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਕ ਦਿਨ ਪਹਿਲਾਂ ਹੀ ਜਾਂਚ ਟੀਮ ਨੇ ਉਸ ਵੇਲੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛ-ਪੜਤਾਲ ਕੀਤੀ ਹੈ। ਜਾਂਚ ਟੀਮ ਨੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਸਮੇਤ ਚਾਰ ਪੁਲੀਸ ਅਧਿਕਾਰੀਆਂ ਨੂੰ ਇਕ ਪੱਤਰ ਜਾਰੀ ਕਰਕੇ 100 ਤੋਂ ਵੱਧ ਸਵਾਲਾਂ ਦੇ ਲਿਖਤੀ ਜਵਾਬ ਮੰਗੇ ਹਨ।