ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਸੰਮਨ ਭੇਜ ਕੇ ਪੁੱਛਗਿੱਛ ਲਈ ਤਲਬ ਕੀਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਇਸ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਏ। ਬਹਿਬਲ ਕਲਾਂ ਤੋਂ ਬਾਅਦ ਕੋਟਕਪੂਰਾ ਗੋਲੀ ਕਾਂਡ ਅਜਿਹੀਆਂ ਘਟਨਾਵਾਂ ਹਨ ਜਿਨ੍ਹਾਂ ਨੇ ਤਤਕਾਲੀ ਬਾਦਲ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸਨ। ਉਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਖੜੇ ਪੈਰ ਲੱਖ ਯਤਨਾਂ ਦੇ ਬਾਵਜੂਦ ਹਾਲੇ ਤੱਕ ਨਹੀਂ ਲੱਗ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬੁੱਧਵਾਰ ਨੂੰ ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਏ। ਇਹ ਉਨ੍ਹਾਂ ਦੀ ਇਕ ਮਹੀਨੇ ‘ਚ ਦੂਜੀ ਪੇਸ਼ੀ ਹੈ। ਜ਼ਿਕਰਯੋਗ ਹੈ ਕਿ ਸਾਲ 2015 ‘ਚ ਕੋਟਕਪੂਰਾ ਪੁਲੀਸ ਨੇ ਬੇਅਦਬੀ ਦੇ ਮਾਮਲੇ ਦਾ ਵਿਰੋਧ ਕਰ ਰਹੀ ਭੀੜ ‘ਤੇ ਫਾਇਰਿੰਗ ਕੀਤੀ ਸੀ। ਉਸ ਸਮੇਂ ਸੁਖਬੀਰ ਬਾਦਲ ਅਕਾਲੀ-ਭਾਜਪਾ ਸਰਕਾਰ ‘ਚ ਉਪ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਸੀ। ਇਸ ਤੋਂ ਪਹਿਲਾਂ ਸਿਟ ਨੇ ਬਾਦਲ ਨੂੰ 6 ਸਤੰਬਰ ਨੂੰ ਤਲਬ ਕੀਤਾ ਸੀ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਤਿੰਨ ਘੰਟੇ ਤੋਂ ਵੱਧ ਸਮਾਂ ਪੁੱਛਗਿੱਛ ਕੀਤੀ ਸੀ। ਏ.ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਗੋਲੀਬਾਰੀ ਦੀਆਂ ਦੋਵੇਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਸੁਖਬੀਰ ਬਾਦਲ ਦੇ ਪਿਛਲੀ ਵਾਰ ਪੇਸ਼ ਹੋਣ ਸਮੇਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਣੇ ਕਈ ਸੀਨੀਅਰ ਅਕਾਲੀ ਆਗੂ ਨਾਲ ਸਨ ਪਰ ਇਨ੍ਹਾਂ ਸਾਰਿਆਂ ਨੂੰ ਬਾਹਰ ਹੀ ਰੋਕ ਲਿਆ ਗਿਆ ਸੀ ਅਤੇ ਸੁਖਬੀਰ ਬਾਦਲ ਪਾਸੋਂ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਇਸੇ ਤਰ੍ਹਾਂ ਅੱਜ ਵੀ ਸੁਖਬੀਰ ਬਾਦਲ ਨੂੰ ਇਕੱਲੇ ਅੰਦਰ ਸੱਦ ਕੇ ਪੁੱਛਗਿੱਛ ਕੀਤੀ ਗਈ।