ਪੰਜਾਬ ਦੇ ਬਹਿਬਲ ਕਲਾਂ ਕਾਂਡ ਤੋਂ ਬਾਅਦ ਦੂਜੇ ਸਭ ਤੋਂ ਚਰਚਿਤ ਮਾਮਲੇ ਕੋਟਕਪੂਰਾ ਗੋਲੀ ਕਾਂਡ ‘ਚ ਮੁਲਜ਼ਮ ਵਜੋਂ ਨਾਮਜ਼ਦ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਫਰੀਦਕੋਟ ਅਦਾਲਤ ‘ਚ ਦਿੱਤੀ ਅਗਾਊਂ ਜ਼ਮਾਨਤ ਦੀ ਅਰਜ਼ੀ ‘ਤੇ ਅੱਜ ਮੰਗਲਵਾਰ ਨੂੰ ਕਰੀਬ ਤਿੰਨ ਘੰਟੇ ਬਹਿਸ ਹੋਈ। ਵਧੀਕ ਸ਼ੈਸ਼ਨ ਜੱਜ ਰਾਜੀਵ ਕਾਲੜਾ ਨੇ ਜ਼ਮਾਨਤ ਦੀਆਂ ਅਰਜ਼ੀਆਂ ਉੱਪਰ ਬਹਿਸ ਮੁਕੰਮਲ ਹੋਣ ਤੋਂ ਬਾਅਦ ਫ਼ੈਸਲਾ ਰਾਖਵਾਂ ਰੱਖ ਲਿਆ ਅਤੇ ਇਸ ਕੇਸ ਦੀ ਸੁਣਵਾਈ 15 ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ। ਹੁਣ 15 ਮਾਰਚ ਨੂੰ ਇਸ ਕੇਸ ‘ਚ ਕੋਈ ਫ਼ੈਸਲਾ ਆਉਣ ਦੀ ਸੰਭਾਵਨਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਅੱਜ ਬਹਿਸ ਦੌਰਾਨ ਅਦਾਲਤ ਨੂੰ ਦੱਸਿਆ ਕਿ ਕੋਟਕਪੂਰਾ ਗੋਲੀ ਕਾਂਡ ‘ਚ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਸਾਜ਼ਿਸ਼ ਰਚੀ ਸੀ ਅਤੇ ਪੜਤਾਲ ਦੌਰਾਨ ਸਾਹਮਣੇ ਆਇਆ ਕਿ 2012 ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਦਲ ਸਰਕਾਰ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਸਵਾਂਗ ਰਚਾਉਣ ਦੇ ਮਾਮਲੇ ‘ਚ ਕਲੀਨ ਚਿੱਟ ਦੇ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਜਾਂਚ ਟੀਮ ਨੇ ਕਿਹਾ ਕਿ ਜੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਇਸ ਨਾਲ ਮੁਕੱਦਮੇ ਅਤੇ ਇਸ ਦੇ ਗਵਾਹਾਂ ਉੱਪਰ ਪ੍ਰਭਾਵ ਪੈਣ ਦਾ ਖਦਸ਼ਾ ਹੈ। ਸਾਬਕਾ ਮੁੱਖ ਮੰਤਰੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਆਰ.ਐੱਸ. ਚੀਮਾ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਪੜਤਾਲ ਦੌਰਾਨ ਤਿੰਨ ਵਾਰ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ ਪੜਤਾਲ ਦੌਰਾਨ ਪੂਰਾ ਸਹਿਯੋਗ ਕੀਤਾ ਹੈ ਅਤੇ ਜੇ ਚੱਲਦੇ ਮੁਕੱਦਮੇ ਤੱਕ ਮੁਲਜ਼ਮਾਂ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਹਨ। ਇਸ ਤੋਂ ਇਲਾਵਾ ਫਰੀਦਕੋਟ ਦੇ ਸਾਬਕਾ ਐੱਸ.ਐੱਸ.ਪੀ. ਸੁਖਮਿੰਦਰ ਸਿੰਘ ਮਾਨ ਦੀ ਜ਼ਮਾਨਤ ਉੱਪਰ ਵੀ ਬਹਿਸ ਹੋਈ। ਮਾਨ ਨੇ ਵੀ ਆਪਣੀ ਜ਼ਮਾਨਤ ਅਰਜ਼ੀ ‘ਚ ਖੁਦ ਨੂੰ ਬੇਕਸੂਰ ਦੱਸਿਆ ਹੈ। ਇਸ ਤੋਂ ਪਹਿਲਾਂ ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ‘ਚ ਦਿੱਤੀ ਸੱਤ ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਲੈਣ ਲਈ ਸੁਖਬੀਰ ਬਾਦਲ ਵੱਲੋਂ ਦਿੱਤੀ ਅਰਜ਼ੀ ਰੱਦ ਕਰ ਦਿੱਤੀ ਗਈ। ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਪੁਲੀਸ ਵੱਲੋਂ 14 ਅਕਤੂਬਰ 2015 ਨੂੰ ਸੰਗਤਾਂ ਉੱਪਰ ਦਰਜ ਕੀਤੀ ਐੱਫ.ਆਈ.ਆਰ. ਨੰਬਰ 192 ‘ਚ ਸਿੱਖ ਸੰਗਤ ਨੂੰ ਕਲੀਨਚਿੱਟ ਦੇ ਦਿੱਤੀ ਜਦੋਂਕਿ 4 ਉੱਚ ਪੁਲਸ ਅਧਿਕਾਰੀ ਨਾਮਜ਼ਦ ਵੀ ਕਰ ਦਿੱਤੇ ਗਏ ਹਨ ਪਰ ਉਕਤ ਘਟਨਾ ਨਾਲ ਬਾਦਲਾਂ ਨੂੰ ਝਟਕਾ ਲੱਗਣਾ ਸੁਭਾਵਕ ਹੈ। ਸਾਬਕਾ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਵੱਲੋਂ ਅਦਾਲਤ ‘ਚ ਚਲਾਨ ਰਿਪੋਰਟਾਂ ਦੀਆਂ ਕਾਪੀਆਂ ਮੰਗਣ ਦੀ ਲਾਈ ਅਰਜ਼ੀ ਖਾਰਜ ਹੋਣ ਨਾਲ ਉਨ੍ਹਾਂ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਯਾਦ ਰਹੇ ਕਿ ਬੇਅਦਬੀ ਮਾਮਲਿਆਂ ਨਾਲ ਜੁੜੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਏ.ਡੀ. ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ‘ਸਿਟ’ ਵੱਲੋਂ 24 ਫਰਵਰੀ ਨੂੰ ਫਰੀਦਕੋਟ ਦੇ ਜੁਡੀਸ਼ੀਅਲ ਮੈਜਿਸਟਰੇਟ ਅਜੇਪਾਲ ਸਿੰਘ ਅਦਾਲਤ ‘ਚ 7 ਹਜ਼ਾਰ ਪੰਨਿਆਂ ਦੀ ਚਲਾਨ ਰਿਪੋਰਟ ਪੇਸ਼ ਕਰਨ ਤੋਂ ਬਾਅਦ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ, ਪਰਮਰਾਜ ਉਮਰਾਨੰਗਲ, ਅਮਰ ਸਿੰਘ ਚਾਹਲ, ਸੁਖਮੰਦਰ ਸਿੰਘ ਮਾਨ, ਚਰਨਜੀਤ ਸ਼ਰਮਾ ਅਤੇ ਗੁਰਦੀਪ ਸਿੰਘ ਪੰਧੇਰ ਨੂੰ 23 ਮਾਰਚ ਲਈ ਅਦਾਲਤ ‘ਚ ਤਲਬ ਕਰ ਲਿਆ ਸੀ।