ਕੋਟਕਪੂਰਾ ਪੁਲੀਸ ਗੋਲੀ ਕਾਂਡ ਦੀ ਜਾਂਚ ਦੇ ਮਾਮਲੇ ‘ਚ ਵਧੀਕ ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ਹੇਠਲੀ ‘ਸਿਟ’ ਵੱਲੋਂ ਇਕ ਆਈ.ਏ.ਐੱਸ. ਅਤੇ ਤਿੰਨ ਆਈ.ਪੀ.ਐੱਸ. ਅਧਿਕਾਰੀ ਤਲਬ ਕੀਤੇ ਗਏ ਹਨ। ਵਿਸ਼ੇਸ਼ ਜਾਂਚ ਟੀਮ ਵੱਲੋਂ ਇਨ੍ਹਾਂ ਅਧਿਕਾਰੀਆਂ ਤੋਂ ਸੋਮਵਾਰ ਨੂੰ ਚੰਡੀਗੜ੍ਹ ‘ਚ ਪੁੱਛ-ਪੜਤਾਲ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਕੱਤਰ ਵਜੋਂ ਤਾਇਨਾਤ ਰਹੇ ਆਈ.ਏ.ਐੱਸ. ਅਧਿਕਾਰੀ ਗਗਨਦੀਪ ਸਿੰਘ ਬਰਾੜ, ਸਾਬਕਾ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ, ਰੋਹਿਤ ਚੌਧਰੀ ਅਤੇ ਸਾਬਕਾ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਨੂੰ ਪੁੱਛ-ਪੜਤਾਲ ਲਈ ਬੁਲਾਇਆ ਹੈ। ਇਕ ਸੇਵਾਮੁਕਤ ਸੀਨੀਅਰ ਅਧਿਕਾਰੀ ਨੇ ‘ਸਿਟ’ ਵੱਲੋਂ ਤਲਬ ਕੀਤੇ ਜਾਣ ਦੀ ਪੁਸ਼ਟੀ ਵੀ ਕੀਤੀ ਹੈ। ਇਸ ਸੇਵਾਮੁਕਤ ਅਧਿਕਾਰੀ ਨੇ ਦੱਸਿਆ ਕਿ ਕੋਟਕਪੂਰਾ ਪੁਲੀਸ ਗੋਲੀ ਕਾਂਡ ਦੇ ਮਾਮਲੇ ‘ਚ ਦੋਸ਼ ਪੱਤਰ ਜਾਰੀ ਕੀਤੇ ਜਾਣ ਤੋਂ ਬਾਅਦ ਵੀ ਸੇਵਾਮੁਕਤ ਅਤੇ ਸੇਵਾ ਕਰ ਰਹੇ ਅਧਿਕਾਰੀਆਂ ਨੂੰ ਤਲਬ ਕੀਤੇ ਜਾਣ ਤੋਂ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਇਸ ਮਾਮਲੇ ਦੀ ਤਫ਼ਤੀਸ਼ ਹਾਲੇ ਵੀ ਮੁਕੰਮਲ ਨਹੀਂ ਹੋਈ। ਅਦਾਲਤ ਦੇ ਹੁਕਮਾਂ ਮੁਤਾਬਕ ਜਾਂਚ ਛੇ ਮਹੀਨਿਆਂ ‘ਚ ਮੁਕੰਮਲ ਕੀਤੀ ਜਾਣੀ ਸੀ। ‘ਸਿਟ’ ਨੇ ਕੁਝ ਦਿਨ ਪਹਿਲਾਂ ਹੀ ਫਰੀਦਕੋਟ ਦੀ ਸਬੰਧਤ ਅਦਾਲਤ ‘ਚ ਦੋਸ਼ ਪੱਤਰ ਪੇਸ਼ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਸਮੇਤ ਹੋਰਾਂ ਦੇ ਨਾਮ ਦੋਸ਼ੀਆਂ ਦੀ ਸੂਚੀ ‘ਚ ਦਰਜ ਕੀਤੇ ਸਨ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਨ੍ਹਾਂ ਚਾਰਾਂ ਅਧਿਕਾਰੀਆਂ ਤੋਂ ‘ਸਿਟ’ ਵੱਲੋਂ ਪਹਿਲਾਂ ਵੀ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ। ਸੂਤਰਾਂ ਅਨੁਸਾਰ ਸਾਲ 2015 ‘ਚ ਵਾਪਰੀ ਘਟਨਾ ਸਮੇਂ ਫਰੀਦਕੋਟ ‘ਚ ਡਿਪਟੀ ਕਮਿਸ਼ਨਰ ਦੇ ਅਹੁਦੇ ‘ਤੇ ਤਾਇਨਾਤ ਰਹੇ ਆਈ.ਏ.ਐੱਸ. ਅਧਿਕਾਰੀ ਨੂੰ ਵੀ ‘ਸਿਟ’ ਵੱਲੋਂ ਤਲਬ ਕੀਤਾ ਜਾ ਚੁੱਕਾ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ ਪੱਤਰ ਪੇਸ਼ ਕੀਤੇ ਜਾਣ ਤੋਂ ਬਾਅਦ ਵੀ ‘ਸਿਟ’ ਵੱਲੋਂ ਅਧਿਕਾਰੀਆਂ ਤੋਂ ਪੁੱਛ-ਪੜਤਾਲ ਕੀਤੀ ਜਾਣੀ ਕਾਫੀ ਅਹਿਮੀਅਤ ਰੱਖਦੀ ਹੈ।