ਉੱਘੇ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੇ ਨਾਂ ਇਕ ਹੋਰ ਰਿਕਾਰਡ ਦਰਜ ਹੋਇਆ ਹੈ ਕਿਉਂਕਿ ਉਹ ਅਮਰੀਕਾ ਦੇ ‘ਕੋਚੇਲਾ’ ਸੰਗੀਤ ਸਮਾਗਮ ‘ਚ ਪੇਸ਼ਕਾਰੀ ਦੇਣ ਵਾਲਾ ਪਹਿਲਾ ਪੰਜਾਬੀ ਗਾਇਕ ਬਣ ਗਿਆ ਹੈ। ਦਿਲਜੀਤ ਦੇ ਜਿਵੇਂ ਹੀ ਅਮਰੀਕਾ ਦੇ ਕੋਚੇਲਾ ਸੰਗੀਤ ਸਗਾਗਮ ‘ਚ ਪੇਸ਼ਕਾਰੀ ਦੇਣ ਦੀਆਂ ਖ਼ਬਰਾਂ ਆਈਆਂ ਤਾਂ ਸੋਸ਼ਲ ਮੀਡੀਆ ‘ਤੇ ਬੌਲੀਵੁਡ ਅਦਾਕਾਰਾਂ ਤੋਂ ਇਲਾਵਾ ਉਸ ਦੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਉਸ ਦੀ ਤੁਲਨਾ ਮਹਾਨ ਕਲਾਕਾਰ ਵਜੋਂ ਕੀਤੀ ਹੈ। ਇਹ ਸਮਾਗਮ ਕੈਲੀਫੋਰਨੀਆ ਦੇ ਇੰਡੀਓ ਦੀ ਕੋਚੇਲਾ ਵੈਲੀ ‘ਚ ਹੋ ਰਿਹਾ ਹੈ। ਇਸ ‘ਚ ਬਲੈਕਪਿੰਕ, ਚਾਰਲੀ, ਲੈਬ੍ਰਿੰਥ ਅਤੇ ਕਿਡ ਲਾਰੋਈ ਵਰਗੇ ਗਲੋਬਲ ਸੰਗੀਤ ਸਿਤਾਰਿਆਂ ਨੇ ਵੀ ਆਪਣੀ ਪੇਸ਼ਕਾਰੀ ਦਿੱਤੀ। ਪੰਜਾਬੀ ਗਾਇਕ ਦਿਲਜੀਤ ਨੇ ਕਾਲੇ ਕੱਪੜਿਆਂ ਨਾਲ ਦਸਤਾਨੇ ਤੇ ਕਾਲੀਆਂ ਐਨਕਾਂ ਪਹਿਨ ਕੇ ਆਪਣੇ ਸੁਪਰ ਹਿੱਟ ਗੀਤ ਗਾਏ। ਉਸ ਨੇ ਜਦੋਂ ‘ਪਟਿਆਲਾ ਪੈੱਗ’ ਗੀਤ ਸੁਣਾਇਆ ਤਾਂ ਅਮਰੀਕੀ ਸੰਗੀਤ ਨਿਰਮਾਤਾ ਡੀਜੇ ਡਿਪਲੋ ਵੀ ਨੱਚਣੋਂ ਨਾ ਰੁਕ ਸਕਿਆ। ਇਸ ਦੀ ਵੀਡੀਓ ਵੀ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਦੋਸਾਂਝ ਨੇ ਪੰਜਾਬੀ ‘ਚ ਸਟੇਜ ‘ਤੇ ਕਿਹਾ, ‘ਹੁਣ ਇਹ ਇਤਿਹਾਸ ‘ਚ ਲਿਖਿਆ ਗਿਆ ਹੈ। ਪੰਜਾਬੀ ਆ ਗਏ ਹਮ ਕੋਚੇਲਾ। ਜੋ ਮੇਰੇ ਗੀਤਾਂ ਨੂੰ ਨਹੀਂ ਸਮਝਦੇ, ਉਨ੍ਹਾਂ ਨੂੰ ਵੀ ਮਿਊਜ਼ਿਕ ਤੇ ਗੀਤ ਵਧੀਆ ਲੱਗਣਗੇ।’ ਇਸ ਤੋਂ ਬਾਅਦ ਦਿਲਜੀਤ ਨੇ ‘ਜੱਟ ਦਾ ਪਿਆਰ’ ‘ਪਟਿਆਲਾ ਪੈੱਗ’, ‘ਪ੍ਰਾਪਰ ਪਟੋਲਾ’, ‘ਰਾਤ ਦੀ ਗੇੜੀ’ ਆਦਿ ਗੀਤਾਂ ਨਾਲ ਸਰੋਤਿਆਂ ਨੂੰ ਖੂਬ ਨਚਾਇਆ। ਦਿਲਜੀਤ ਨੇ ਇਥੇ ਕਰੀਬ 45 ਮਿੰਟ ਆਪਣੇ ਲਾਈਵ ਬੈਂਡ ਅਤੇ ਭੰਗੜੇ ਨਾਲ ਅਮਰੀਕਾ ਵਾਸੀਆਂ ਦਾ ਮਨੋਰੰਜਨ ਕੀਤਾ। ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਦੋਸਾਂਝ ਨੂੰ ਅਮਰੀਕਨ ਸੰਗੀਤ ਸਮਾਰੋਹ ‘ਚ ਪੇਸ਼ਕਾਰੀ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣਨ ਲਈ ਵਧਾਈ ਦਿੱਤੀ। ਰੈਪਰ ਬਾਦਸ਼ਾਹ ਅਤੇ ਦੋਸਾਂਝ ਦੀ ‘ਉੜਤਾ ਪੰਜਾਬ’ ਦੀ ਸਹਿ-ਅਦਾਕਾਰਾ ਕਰੀਨਾ ਕਪੂਰ ਖਾਨ ਨੇ ਵੀ ਉਸ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਅਰਜੁਨ ਰਾਮਪਾਲ ਨੇ ਵੀ ਦਿਲਜੀਤ ਨੂੰ ਮਹਾਨ ਕਲਾਕਾਰ ਤੇ ਸੱਚਾ ਰੌਕ ਸਟਾਰ ਆਖਿਆ। ਇਸੇ ਤਰ੍ਹਾਂ ਕਈ ਪੰਜਾਬੀ ਗਾਇਕਾਂ ਨੇ ਵੀ ਦਿਲਜੀਤ ਦੋਸਾਂਝ ਨੂੰ ਵਧਾਈਆਂ ਦਿੱਤੀਆਂ ਹਨ।