ਛੇ ਮਈ ਨੂੰ ਬ੍ਰਿਟੇਨ ‘ਚ ਕਿੰਗ ਚਾਰਲਸ ਤੀਜੇ ਦੀ ਤਾਜਪੋਸ਼ੀ ਮੌਕੇ ‘ਤੇ ਰਾਇਲ ਮੇਲ ਚਾਰ ਡਾਕ ਟਿਕਟਾਂ ਜਾਰੀ ਕਰੇਗਾ। ਇਨ੍ਹਾਂ ਡਾਕ ਟਿਕਟਾਂ ‘ਚੋਂ ਇਕ ‘ਤੇ ਹਿੰਦੂ, ਮੁਸਲਿਮ ਤੇ ਸਿੱਖ ਤੇ ਉਨ੍ਹਾਂ ਦੇ ਪੂਜਾ ਸਥਾਨਾਂ ਨੂੰ ਦਰਸਾਇਆ ਜਾਵੇਗਾ। ਸਥਾਨਕ ਮੀਡੀਆ ਅਨੁਸਾਰ, ‘ਵਿਲੱਖਣਤਾ ਤੇ ਭਾਈਚਾਰਾ’ ਸਿਰਲੇਖ ਨਾਲ ਜਾਰੀ ਡਾਕ ਟਿਕਟ ਬ੍ਰਿਟਿਸ਼ ਸਾਮਰਾਜ ਤੇ ਵੱਖ ਵੱਖ ਭਾਈਚਾਰਿਆਂ ਦੀ ਆਸਥਾ ਤੇ ਸੱਭਿਆਚਾਰਕ ਵਿਲੱਖਣਤਾ ਨੂੰ ਦਰਸਾਉਂਦੇ ਹਨ। ਡਾਕ ਟਿਕਟ ‘ਚ ਯਹੂਦੀ, ਇਸਲਾਮੀ, ਇਸਾਈ, ਸਿੱਖ ਤੇ ਹਿੰਦੂ ਤੇ ਬੁੱਧ ਧਰਮ ਦੀ ਅਗਵਾਈ ਕਰਨ ਵਾਲੇ ਅੰਕੜੇ ਹਨ ਤੇ ਇਹ ਸਾਰੇ ਧਰਮਾਂ ਦੀ ਅਗਵਾਈ ਕਰਦਾ ਹੈ। ਇਕ ਖ਼ਬਰ ਰਿਲੀਜ਼ ‘ਚ ਕਿਹਾ ਗਿਆ ਹੈ ਕਿ ਇਹ ‘ਭਿੰਨਤਾ ਤੇ ਭਾਈਚਾਰੇ’ ਨੂੰ ਦਰਸਾਉਂਦੀ ਹੈ। ਉਨ੍ਹਾਂ ਨਾਲ ਹੀ ਲਿਖਿਆ ਕਿ ਇਹ ਵਰਤਮਾਨ ਬਰਤਾਨਵੀ ਸਮਾਜ ਦੀ ਸਭਿਆਚਾਰਕ ਭਿੰਨਤਾ ਦਾ ਪ੍ਰਤੀਕ ਵੀ ਹੈ ਤੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਇੱਥੋਂ ਦੇ ਭਾਈਚਾਰੇ ਨੂੰ ਵੀ ਦਰਸਾਉਂਦੀ ਹੈ। ਟਿਕਟ ‘ਤੇ ਯਹੂਦੀ, ਇਸਲਾਮਿਕ, ਈਸਾਈ, ਸਿੱਖ, ਹਿੰਦੂ ਤੇ ਬੁੱਧ ਧਰਮਾਂ ਨਾਲ ਸਬੰਧਤ ਲੋਕ ਖੜ੍ਹੇ ਨਜ਼ਰ ਆ ਰਹੇ ਹਨ, ਇਹ ਸਾਰੇ ਧਰਮਾਂ ਦਾ ਪ੍ਰਤੀਕ ਹੈ ਨਾ ਕਿ ਕਿਸੇ ਇਕ ਧਰਮ ਦਾ। ਟਿਕਟ ਦੇ ਪਿਛੋਕੜ ‘ਚ ਬਰਤਾਨੀਆ ਦੇ ਦਿਹਾਤੀ ਤੇ ਸ਼ਹਿਰੀ ਪੱਖ ਨਜ਼ਰ ਆ ਰਹੇ ਹਨ ਤੇ ਨਾਲ ਹੀ ਵੱਖ-ਵੱਖ ਧਰਮਾਂ ਦੇ ਧਾਰਮਿਕ ਸਥਾਨ ਦਿਖ ਰਹੇ ਹਨ ਜੋ ਕਿ ਪੂਰੇ ਯੂ.ਕੇ. ਵਿੱਚ ਹਨ। ਇਕ ਛੋਟੀ ਸ਼ੀਟ ‘ਚ ਇਸ ਟਿਕਟ ਨੂੰ ਦਰਸਾਇਆ ਗਿਆ ਹੈ ਤੇ ਨਾਲ ਹੀ ਤਾਜਪੋਸ਼ੀ ਸਮਾਗਮ ਬਾਰੇ ਦੱਸਿਆ ਗਿਆ ਹੈ। ਇਸ ‘ਚ ਰਾਸ਼ਟਰਮੰਡਲ ਦੇ ਆਲਮੀ ਸਬੰਧਾਂ, ਟਿਕਾਊ ਵਿਕਾਸ ਤੇ ਜੈਵ ਭਿੰਨਤਾ ਦਾ ਵੀ ਜ਼ਿਕਰ ਹੈ। ਇਤਿਹਾਸ ‘ਚ ਇਹ ਤੀਜੀ ਵਾਰ ਹੈ ਜਦ ‘ਰੌਇਲ ਮੇਲ’ ਨੇ ਤਾਜਪੋਸ਼ੀ ਸਮਾਗਮ ਮੌਕੇ ਟਿਕਟਾਂ ਜਾਰੀ ਕੀਤੀਆਂ ਹਨ। ਇਸ ਤੋਂ ਪਹਿਲਾਂ 1937 ‘ਚ ਮਹਾਰਾਜਾ ਜੌਰਜ ਤੇ 1953 ‘ਚ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀ ਤਾਜਪੋਸ਼ੀ ਮੌਕੇ ਟਿਕਟਾਂ ਜਾਰੀ ਹੋਈਆਂ ਸਨ। ਸ਼ਾਹੀ ਡਾਕ ਵਿਭਾਗ ਦੇ ਸੀ.ਈ.ਓ. ਸਾਈਮਨ ਥੌਂਪਸਨ ਨੇ ਕਿਹਾ ਕਿ ਉਹ ਯਾਦਗਾਰੀ ਟਿਕਟਾਂ ਦਾ ਸੈੱਟ ਜਾਰੀ ਕਰ ਕੇ ਮਾਣ ਮਹਿਸੂਸ ਕਰ ਰਹੇ ਹਨ, ਇਨ੍ਹਾਂ ‘ਚੋਂ ਕੁਝ ਬਾਦਸ਼ਾਹ ਚਾਰਲਸ ਵੱਲੋਂ ਵਰ੍ਹਿਆਂਬੱਧੀ ਕੀਤੀ ਲੋਕ ਸੇਵਾ ਦਾ ਪ੍ਰਤੀਕ ਹਨ। ਇਨ੍ਹਾਂ ਟਿਕਟਾਂ ਨੂੰ ‘ਐਟਲੀਅਰ ਵਰਕਸ’ ਨੇ ਡਿਜ਼ਾਈਨ ਕੀਤਾ ਹੈ।