ਕਾਂਗਰਸ ਪਾਰਟੀ ਲਈ ਸਮਾਂ ਬਹੁਤ ਖ਼ਰਾਬ ਚੱਲ ਰਿਹਾ ਹੈ ਕਿਉਂਕਿ ਇਕ ਪਾਸੇ ਪਾਰਟੀ ਕਿਸੇ ਦਿਸ਼ਾ ‘ਚ ਅੱਗੇ ਵਧਦੀ ਹੈ ਤਾਂ ਦੂਜੇ ਪਾਸੇ ਪਾਰਟੀ ਲਈ ਕੋਈ ਨਾ ਕੋਈ ਸੰਕਟ ਪੈਦਾ ਹੋ ਜਾਂਦਾ ਹੈ। ਹੁਣ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਰਾਜਸਥਾਨ ‘ਚ ਵੱਡਾ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ। ਗ਼ੈਰ-ਗਾਂਧੀ ਪ੍ਰਧਾਨ ਚੁਣਨਾ ਤੈਅ ਹੋਣ ਤੋਂ ਬਾਅਦ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਨਾਂ ਪ੍ਰਧਾਨ ਵਜੋਂ ਸਭ ਤੋਂ ਅੱਗੇ ਚੱਲ ਰਿਹਾ ਹੈ। ਪਰ ਉਹ ਪ੍ਰਧਾਨ ਦੇ ਨਾਲ ਮੁੱਖ ਮੰਤਰੀ ਬਣੇ ਰਹਿਣਾ ਚਾਹੁੰਦੇ ਸੀ ਜੋ ‘ਇਕ ਵਿਅਕਤੀ ਇਕ ਅਹੁਦਾ’ ਦੇ ਫਾਰਮੂਲੇ ਕਾਰਨ ਰਾਹੁਲ ਗਾਂਧੀ ਨੂੰ ਪ੍ਰਵਾਨ ਨਹੀਂ ਸੀ। ਗਹਿਲੋਤ ਦੇ ਕਾਂਗਰਸ ਪ੍ਰਧਾਨ ਬਣਨ ਦੀ ਸੂਰਤ ‘ਚ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ ਰਾਜਸਥਾਨ ਦੇ 92 ਕਾਂਗਰਸੀ ਵਿਧਾਇਕਾਂ ਨੇ ਆਪਣੇ ਅਸਤੀਫ਼ੇ ਵਿਧਾਨ ਸਭਾ ਸਪੀਕਰ ਸੀ.ਪੀ. ਜੋਸ਼ੀ ਨੂੰ ਸੌਂਪ ਦਿੱਤੇ। ਉਨ੍ਹਾਂ ਮੁੱਖ ਮੰਤਰੀ ਨਾਲ ਖੜ੍ਹਦਿਆਂ ਇਹ ਸਪੱਸ਼ਟ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਸਚਿਨ ਪਾਇਲਟ ਨੂੰ ਉਹ ਗਹਿਲੋਤ ਦੀ ਥਾਂ ਨਹੀਂ ਲੈਣ ਦੇਣਗੇ। ਵਿਧਾਇਕਾਂ ਨੇ ਇਹ ਸੰਕੇਤ ਵੀ ਦਿੱਤਾ ਕਿ ਉਹ ਹਾਈ ਕਮਾਨ ਵੱਲੋਂ ਥੋਪਿਆ ਆਗੂ ਵੀ ਪ੍ਰਵਾਨ ਨਹੀਂ ਕਰਨਗੇ। ਇਸ ਤੋਂ ਪਹਿਲਾਂ ਵਿਧਾਇਕ ਮੰਤਰੀ ਸ਼ਾਂਤੀ ਧਾਰੀਵਾਲ ਦੇ ਘਰ ਤਿੰਨ ਘੰਟਿਆਂ ਤੱਕ ਰਹੇ ਤੇ ਮਗਰੋਂ ਗਹਿਲੋਤ ਦੀ ਹਮਾਇਤ ਵਿਚ ਸਪੀਕਰ ਜੋਸ਼ੀ ਨੂੰ ਮਿਲੇ। ਉਨ੍ਹਾਂ ਮੰਗ ਕੀਤੀ ਕਿ ਹਾਈ ਕਮਾਨ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਉਨ੍ਹਾਂ ਨਾਲ ਗੱਲ ਕਰੇ। ਸੂਬੇ ਦੇ ਕਾਂਗਰਸੀ ਆਗੂਆਂ ਦੀ ਆਪਸੀ ਖਿੱਚੋਤਾਣ ਤੋਂ ਸਿਖ਼ਰਲੀ ਲੀਡਰਸ਼ਿਪ ਦੀ ਕਮਜ਼ੋਰੀ ਵੀ ਝਲਕੀ ਹੈ ਤੇ ਗਾਂਧੀ ਪਰਿਵਾਰ ਨੂੰ ਵੀ ਝਟਕਾ ਲੱਗਾ ਹੈ ਜੋ ਕਿ ਅਗਲੇ ਕਾਂਗਰਸ ਪ੍ਰਧਾਨ ਵਜੋਂ ਗਹਿਲੋਤ ਦੇ ਨਾਂ ‘ਤੇ ਸਹਿਮਤ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਾਮ ਸੱਤ ਵਜੇ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਵੀ ਸੱਦੀ ਸੀ। ਪਾਰਟੀ ਨੇ ਮਲਿਕਾਰਜੁਨ ਖੜਗੇ ਤੇ ਅਜੈ ਮਾਕਨ ਨੂੰ ਨਿਗਰਾਨ ਵਜੋਂ ਭੇਜਿਆ ਸੀ। ਪਰ ਸਾਰੇ ਵਿਧਾਇਕਾਂ ਦੇ ਗਹਿਲੋਤ ਦੇ ਹੱਕ ‘ਚ ਖੜ੍ਹਨ ਤੋਂ ਬਾਅਦ ਇਹ ਮੀਟਿੰਗ ਰੱਦ ਕਰ ਦਿੱਤੀ ਗਈ। ਅਸਤੀਫ਼ਾ ਦੇਣ ਵਾਲੇ ਸਾਰੇ ਵਿਧਾਇਕ ਕਾਂਗਰਸ ਹਾਈ ਕਮਾਨ ਦੇ ਰੁਖ਼ ਤੋਂ ਬਾਗ਼ੀ ਹੁੰਦੇ ਨਜ਼ਰ ਆਏ ਤੇ ਮੀਟਿੰਗ ‘ਚ ਸ਼ਿਰਕਤ ਨਹੀਂ ਕੀਤੀ। ਰਾਜਸਥਾਨ ਦੇ ਮੰਤਰੀ ਪ੍ਰਤਾਪ ਸਿੰਘ ਖਚਰੀਆਵਾਸ ਨੇ ਵਿਧਾਇਕਾਂ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ‘ਲੋਕਤੰਤਰ ਮੈਂਬਰਾਂ ਦੀ ਗਿਣਤੀ ਉਤੇ ਚੱਲਦਾ ਹੈ। ਹਾਈ ਕਮਾਨ ਨੂੰ ਸਾਡੇ ਨਾਲ ਗੱਲ ਕਰਨੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਨਿਗਰਾਨਾਂ ਨੂੰ ਵਿਧਾਇਕਾਂ ਦੇ ਰੁਖ਼ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਰਾਜਸਥਾਨ ਕਾਂਗਰਸ ਵੱਲੋਂ ਪਾਰਟੀ ਹਾਈ ਕਮਾਨ ਖ਼ਿਲਾਫ਼ ਇਹ ਪਹਿਲੀ ਖੁੱਲ੍ਹੀ ਬਗਾਵਤ ਹੈ। ਇਸ ਨਾਲ ਅਜਿਹੇ ਹਾਲਾਤ ਬਣ ਸਕਦੇ ਹਨ ਜਿਸ ਨਾਲ ਅਸ਼ੋਕ ਗਹਿਲੋਤ ਨੂੰ ਸੂਬੇ ‘ਚ 2023 ਦੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਅਗਵਾਈ ਲਈ ਆਪਣੀ ਪਸੰਦ ਦਾ ਉਮੀਦਵਾਰ ਮਿਲ ਜਾਵੇ। ਇਸ ਸਾਰੇ ਘਟਨਾਕ੍ਰਮ ਦੌਰਾਨ ਅਸ਼ੋਕ ਗਹਿਲੋਤ ਸਾਰਾ ਦਿਨ ਗਾਇਬ ਰਹੇ ਅਤੇ ਜੈਸਲਮੇਰ ਦੇ ਇਤਿਹਾਸਕ ਮੰਦਰ ‘ਚ ਮੱਥਾ ਟੇਕਣ ਚਲੇ ਗਏ। ਦੂਜੇ ਪਾਸੇ ਸਚਿਨ ਪਾਇਲਟ ਆਪਣੇ ਹਮਾਇਤੀ 18 ਦੇ ਕਰੀਬ ਵਿਧਾਇਕਾਂ ਨਾਲ ਸੀ.ਐੱਲ.ਪੀ. ਦੀ ਮੀਟਿੰਗ ਦੀ ਉਡੀਕ ਕਰਦੇ ਰਹੇ, ਜੋ ਹੋਈ ਹੀ ਨਹੀਂ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਇਸ ਸਿਆਸੀ ਸੰਕਟ ਨਾਲ ਕਿਸ ਤਰ੍ਹਾਂ ਨਜਿੱਠਦੇ ਹਨ ਪਰ ਕਾਂਗਰਸ ਲਈ ਇਹ ਮਸਲਾ ਸੁਲਝਾਉਣਾ ਸੌਖਾ ਨਹੀਂ ਹੋਵੇਗਾ।