ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਕਾਰਨ ਖਾਲੀ ਹੋਈ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਨੇ ਅੱਜ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਪਹਿਲਾਂ ਤੋਂ ਹੀ ਇਹ ਕਿਆਸ ਲਾਏ ਜਾ ਰਹੇ ਸਨ ਕਿ ਚੌਧਰੀ ਪਰਿਵਾਰ ‘ਚੋਂ ਉਨ੍ਹਾਂ ਦੀ ਪਤਨੀ ਨੂੰ ਕਾਂਗਰਸ ਟਿਕਟ ਦੇਵੇਗੀ ਜੋ ਅੱਜ ਆਲ ਇੰਡੀਆ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਨਾਲ ਸਾਫ ਹੋ ਗਿਆ। ਉਂਝ ਹਾਲੇ ਜਲੰਧਰ ਲੋਕ ਸਭਾ ਹਲਕੇ ‘ਤੇ ਹੋਣ ਵਾਲੀ ਜ਼ਿਮਨੀ ਚੋਣ ਦਾ ਤਾਰੀਖ਼ ਦਾ ਐਲਾਨ ਚੋਣ ਕਮਿਸ਼ਨ ਵਲੋਂ ਨਹੀਂ ਕੀਤਾ ਗਿਆ ਹੈ ਪਰ ਕਾਂਗਰਸ ਨੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰ ਦਾ ਐਲਾਨ ਕਰਕੇ ਚੋਣ ਅਖਾੜਾ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਤੇ ਕਾਂਗਰਸੀ ਆਗੂ ਸੰਤੋਖ ਸਿੰਘ ਚੌਧਰੀ ਦਾ ਲੰਘੀਂ 14 ਜਨਵਰੀ ਨੂੰ ਉਸ ਸਮੇਂ ਦੇਹਾਂਤ ਹੋ ਗਿਆ ਸੀ ਜਦੋਂ ਉਹ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ‘ਚ ਸ਼ਿਰਕਤ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਸੁਰੱਖਿਆ ਦਸਤੇ ਵਲੋਂ ਤੁਰੰਤ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਜਲੰਧਰ ਲੋਕ ਸਭਾ ਸੀਟ ‘ਤੇ ਭਾਵੇਂ ਅਜੇ ਤੱਕ ਚੋਣ ਕਮਿਸ਼ਨ ਵਲੋਂ ਚੋਣਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਕਾਂਗਰਸ ਨੇ ਇਥੇ ਆਪਣਾ ਉਮੀਦਵਾਰ ਉਤਾਰ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਇਹ ਚੋਣ ਪੰਜਾਬ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਦਾ ਵੱਡਾ ਇਮਤਿਹਾਨ ਹੋਵੇਗੀ ਅਤੇ ਉਸ ਨੂੰ ਇਹ ਚੋਣ ਜਿੱਤਣ ਲਈ ਪੂਰੀ ਤਾਕਤ ਝੋਕਣੀ ਪਵੇਗੀ। ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਜੱਦੀ ਲੋਕ ਸਭਾ ਸੀਟ ਮੰਨੀ ਜਾਂਦੀ ਸੰਗਰੂਰ, ਜਿੱਥੋਂ ਉਹ ਦੋ ਵਾਰ ਮੈਂਬਰ ਪਾਰਲੀਮੈਂਟ ਬਣੇ, ਤੋਂ ‘ਆਪ’ ਉਮੀਦਵਾਰ ਚੋਣ ਹਾਰ ਗਿਆ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਚੋਣ ਜਿੱਤ ਗਏ ਸਨ। ਜਲੰਧਰ ਲੋਕ ਸਭਾ ਸੀਟ ‘ਚ ਦਲਿਤ ਭਾਈਚਾਰੇ ਦੀ ਵੱਡੀ ਗਿਣਤੀ ਹੈ ਅਤੇ ਇਥੇ ਕਾਂਗਰਸ ਦੀ ਮਜਬੂਤ ਪਕੜ ਤੋਂ ਇਲਾਵਾ ਚੌਧਰੀ ਪਰਿਵਾਰ ਦਾ ਆਪਣਾ ਦਬਦਬਾ ਤੇ ਲੋਕਾਂ ਨਾਲ ਸਿੱਧਾ ਰਾਬਤਾ ਹੈ। ਇਸ ਤੋਂ ਇਲਾਵਾ ਚੌਧਰੀ ਸੰਤੋਖ ਸਿੰਘ ਦੀ ਅਚਨਚੇਤ ਮੌਤ ਕਾਰਨ ਹਮਦਰਦੀ ਦੀ ਵੋਟ ਵੀ ਕਾਂਗਰਸ ਨੂੰ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ-ਬਸਪਾ ਗਠਜੋੜ ਵੱਲੋਂ ਵੀ ਇਥੋਂ ਚੋਣ ਜਿੱਤਣ ਲਈ ਆਪਣੇ ਉਮੀਦਵਾਰ ਉਤਾਰ ਕੇ ਪੂਰਾ ਜ਼ੋਰ ਲਾਇਆ ਜਾਵੇਗਾ। ਅਜਿਹੇ ਹਾਲਾਤਾਂ ‘ਚ ਆਮ ਆਦਮੀ ਪਾਰਟੀ ਦੀ ਸਾਖ ਤੇ ਇੱਜ਼ਤ ਵਧੇਰੇ ਦਾਅ ‘ਤੇ ਲੱਗੀ ਨਜ਼ਰ ਆਵੇਗੀ।