ਕਾਂਗਰਸ ਹਾਈ ਕਮਾਨ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਹਵਾਲੇ ਨਾਲ ਮੁਅੱਤਲ ਕਰਨ ਦੇ ਬਾਵਜੂਦ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਪਾਰਟੀ ਪ੍ਰਤੀ ਕੁਝ ਗਲਤ ਨਹੀਂ ਬੋਲਿਆ। ਵੱਡਾ ਐਕਸ਼ਨ ਹੋਣ ਅਤੇ ਬਰਖਾਸਤੀ ਸਬੰਧੀ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ‘ਚ ਜਵਾਬ ਮੰਗ ਲੈਣ ਦੇ ਬਾਵਜੂਦ ਉਨ੍ਹਾਂ ਨੇ ਪਾਰਟੀ ਦੀ ਸ਼ਾਨ ਖਿਲਾਫ਼ ਇਕ ਵੀ ਮਾੜਾ ਸ਼ਬਦ ਨਹੀਂ ਬੋਲਿਆ। ਆਪਣੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ‘ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਆਖਿਆ ਕਿ ਪਾਰਟੀ ਕੋਈ ਵੀ ਕਾਰਵਾਈ ਕਰਨ ਦਾ ਪੂਰਨ ਅਧਿਕਾਰ ਰੱਖਦੀ ਹੈ। ਇਸ ਕਰਕੇ ਪਾਰਟੀ ਵੱਲੋਂ ਕੀਤੀ ਗਈ ਕਾਰਵਾਈ ਦਾ ਉਹ ਸਵਾਗਤ ਕਰਦੇ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਆਪਣੇ ਸੰਸਦੀ ਹਲਕੇ ਅਤੇ ਪੰਜਾਬ ‘ਚ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਹਮੇਸ਼ਾ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਭਵਿੱਖ ‘ਚ ਵੀ ਉਹ ਆਪਣੇ ਹਲਕੇ ਅਤੇ ਪੰਜਾਬ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ। ਜ਼ਿਕਰਯੋਗ ਹੈ ਕਿ ਪਾਰਟੀ ਹਾਈ ਕਮਾਨ ਵੱਲੋਂ ਉਨ੍ਹਾਂ ਨੂੰ ਬਰਖਾਸਤ ਕਰਨ ਸਬੰਧੀ ‘ਕਾਰਨ ਦੱਸੋ’ ਨੋਟਿਸ ਜਾਰੀ ਕਰ ਕੇ ਤਿੰਨ ਦਿਨਾਂ ‘ਚ ਜਵਾਬ ਮੰਗਿਆ ਗਿਆ ਹੈ। ਇਸ ਬਾਰੇ ਪੁੱਛਣ ‘ਤੇ ਪਰਨੀਤ ਕੌਰ ਦਾ ਕਹਿਣਾ ਸੀ ‘ਕੋਈ ਗੱਲ ਨਹੀਂ, ਪਾਰਟੀ ਨੂੰ ਕਰ ਲੈਣ ਦਿਓ, ਜੋ ਵੀ ਕਰਨਾ ਹੈ।’ ਇਸ ਤੋਂ ਬਾਅਦ ਹੀ ਉਹ ਜਵਾਬ ਦੇਣਗੇ। ਇਸ ਤੋਂ ਬਾਅਦ ਉਨ੍ਹਾਂ ਪਿੰਡ ਫਤਹਿਪੁਰ ਗੜ੍ਹੀ ‘ਚ ਸ਼੍ਰੋਮਣੀ ਕਮੇਟੀ ਮੈਂਬਰ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੇ ਮਾਤਾ ਦੇ ਭੋਗ ਮੌਕੇ ਇਸੇ ਮੁੱਦੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਯਾਦ ਰਹੇ ਕਿ ਪਰਨੀਤ ਕੌਰ ਕਾਂਗਰਸ ਵੱਲੋਂ ਪੰਜ ਸਾਲ ਵਿਦੇਸ਼ ਮੰਤਰੀ, ਇਕ ਵਾਰ ਵਿਧਾਇਕ ਰਹਿਣ ਸਮੇਤ ਚੌਥੀ ਵਾਰ ਸੰਸਦ ਮੈਂਬਰ ਹਨ ਪਰ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਤੋਂ ਤੁਰੰਤ ਬਾਅਦ ਉਹ ਪਤੀ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਫੇਰ ਪਤੀ ਤੇ ਧੀ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਭਾਜਪਾ ਲਈ ਖੁੱਲ੍ਹੇਆਮ ਸਰਗਰਮੀਆਂ ਕਰਨ ਲੱਗ ਪਏ ਸਨ। ਕਾਂਗਰਸੀ ਨੇਤਾਵਾਂ ਨੇ ਵਿਰੋਧ ਵੀ ਜਤਾਇਆ, ਪਰ ਗਾਂਧੀ ਪਰਿਵਾਰ ਨਾਲ ਨੇੜਤਾ ਕਾਰਨ ਕਾਰਵਾਈ ਨਾ ਹੋਈ। ਹੁਣ ਇਕ ਦਿਨ ਪਹਿਲਾਂ ਭਾਵੇਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਪਰ ਕਾਂਗਰਸੀ ਖੇਮੇ ਅੰਦਰ ਇਹ ਕਾਰਵਾਈ ਬਹੁਤ ਦੇਰੀ ਨਾਲ ਹੋਈ ਮੰਨੀ ਜਾ ਰਹੀ ਹੈ।