ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਕੇਰਲਾ ਪਹੁੰਚ ਗਈ ਅਤੇ ਇਥੇ ਇਸ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵੱਡੀ ਗਿਣਤੀ ਲੋਕ ਇਸ ਯਾਤਰਾ ‘ਚ ਸ਼ਾਮਲ ਹੋਏ। ਪਾਰਟੀ ਆਗੂ ਰਾਹੁਲ ਗਾਂਧੀ ਨੇ ਸਵੇਰੇ ਵੇੱਲਾਯਾਨੀ ਜੰਕਸ਼ਨ ਤੋਂ ਪਦਯਾਤਰਾ ਸ਼ੁਰੂ ਕੀਤੀ। ਕਾਂਗਰਸ ਦਾ ‘ਭਾਰਤ ਜੋੜੋ ਯਾਤਰਾ’ ਦਾ ਕੇਰਲ ‘ਚ 19 ਦਿਨਾਂ ਦਾ ਸਫਰ ਰਾਜਧਾਨੀ ਤਿਰੂਵਨੰਤਪੁਰਮ ਦੇ ਪਾਰਸਾਲਾ ਇਲਾਕੇ ਤੋਂ ਐਤਵਾਰ ਸਵੇਰੇ ਸ਼ੁਰੂ ਹੋਇਆ। ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ 19 ਦਿਨਾਂ ‘ਚ ਮੱਲਪੁਰਮ ਦੇ ਨੀਲਾਂਬਰ ਤਕ 450 ਕਿਲੋਮੀਟਰ ਲੰਮੀ ਯਾਤਰਾ ਕਰਨਗੇ। ਕੱਲ੍ਹ ਵਾਂਗ ਅੱਜ ਵੀ ਯਾਤਰਾ ਨੂੰ ਦੇਖਣ ਲਈ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ਲੋਕ ਇਕੱਠੇ ਹੋਏ। ਐਤਵਾਰ ਨੂੰ ਯਾਤਰਾ ਸਮਾਪਤ ਹੋਣ ‘ਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕੇਰਲ ਸਭਨਾਂ ਦਾ ਸਨਮਾਨ ਕਰਦਾ ਹੈ ਅਤੇ ਆਪਣੇ ਆਪ ਨੂੰ ਇਕਜੁਟ ਰੱਖਦਾ ਹੈ ਅਤੇ ਨਫਰਤ ਨਹੀਂ ਫੈਲਣ ਦਿੰਦਾ। ਉਨ੍ਹਾਂ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਇਕ ਤਰ੍ਹਾਂ ਨਾਲ ਇਨ੍ਹਾਂ ਵਿਚਾਰਾਂ ਦਾ ਵਿਸਥਾਰ ਹੈ। ਇਸ ਤੋਂ ਪਹਿਲਾਂ ਕੇਰਲਾ ‘ਚ ਦਾਖ਼ਲ ਹੋਈ ਯਾਤਰਾ ਦੌਰਾਨ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ‘ਚ ਕਾਂਗਰਸ ਨੇ ਲੋਕਾਂ ਨੂੰ ਭਾਜਪਾ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜਾਗਰੂਕ ਕੀਤਾ ਜਾਵੇਗਾ। ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸਮਾਜ ਦਾ ਹਰੇਕ ਵਰਗ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਉਤਸ਼ਾਹਿਤ ਹੈ ਜੋ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਸ਼ਮੂਲੀਅਤ ਤੋਂ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ, ‘ਦੇਸ਼ ਦੇ ਲੋਕਾਂ ਦਾ ਸੁਨੇਹਾ ਸਪੱਸ਼ਟ ਹੈ। ਮਹਿੰਗਾਈ, ਬੇਰੁਜ਼ਗਾਰੀ, ਆਰਥਿਕ ਸੰਕਟ ਅਤੇ ਵੰਡਪਾਊ ਸਿਆਸਤ ਖ਼ਤਮ ਹੋਣੀ ਚਾਹੀਦੀ ਹੈ।’ ਯਾਤਰਾ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਖੁਸ਼ ਕਾਂਗਰਸ ਨੇ ਟਵੀਟ ਕਰਕੇ ਕਿਹਾ ਕਿ ਯਾਤਰਾ ਭਾਰਤ ਨੂੰ ਜੋੜ ਰਹੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਵੇਰੇ ਕਰੀਬ ਸਾਢੇ 7 ਵਜੇ ਪਰਾਸੱਲਾ ਤੋਂ ਯਾਤਰਾ ਸ਼ੁਰੂ ਕੀਤੀ ਜਿਥੇ ਕੇਰਲਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਕੇ ਸੁਧਾਕਰਨ ਦੀ ਅਗਵਾਈ ਹੇਠ ਪਾਰਟੀ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਕੇ ਸੀ ਵੇਣੂਗੋਪਾਲ, ਸ਼ਸ਼ੀ ਥਰੂਰ, ਓਮਨ ਚਾਂਡੀ ਅਤੇ ਰਮੇਸ਼ ਚੇਨੀਥੱਲਾ ਵੀ ਹਾਜ਼ਰ ਸਨ।