ਕਾਂਗਰਸ ਸਰਕਾਰ ਸਮੇਂ ਕੈਬਨਿਟ ਮੰਤਰੀ ਰਿਹਾ ਅਤੇ ਹਾਲ ਹੀ ‘ਚ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਵਾਲੇ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਬਿਊਰੋ ਪੰਜਾਬ ਨੇ ਬੀਤੀ ਦੇਰ ਰਾਤ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਬਿਊਰੋ ਦੇ ਇਕ ਸਹਾਇਕ ਇੰਸਪੈਕਟਰ ਜਨਰਲ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰ ਰਹੇ ਸਨ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਨਿਰਦੇਸ਼ਕ ਵਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਸਾਬਕਾ ਮੰਤਰੀ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਏ.ਆਈ.ਜੀ. ਉਡਣ ਦਸਤਾ ਪੰਜਾਬ ਮਨਮੋਹਨ ਕੁਮਾਰ ਦੇ ਬਿਆਨਾਂ ‘ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ-8 ਅਧੀਨ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਏ.ਆਈ.ਜੀ. ਮਨਮੋਹਨ ਕੁਮਾਰ ਨੇ ਬਿਊਰੋ ਨੂੰ ਸ਼ਿਕਾਇਤ ਕੀਤੀ ਹੈ ਕਿ ਅਰੋੜਾ ਨੇ 14 ਅਕਤੂਬਰ 2022 ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਖ਼ਿਲਾਫ਼ ਚੱਲ ਰਹੀ ਵਿਜੀਲੈਂਸ ਜਾਂਚ ‘ਚ ਮਦਦ ਕਰਨ ਲਈ ਉਨ੍ਹਾਂ ਨੂੰ ਇਕ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਵਿਜੀਲੈਂਸ ਬਿਊਰੋ ਦੇ ਮੁਖੀ ਨੇ ਅੱਗੇ ਕਿਹਾ ਕਿ ਸਾਬਕਾ ਮੰਤਰੀ ਨੇ ਅਗਲੇ ਦਿਨ 15 ਅਕਤੂਬਰ 2022 ਨੂੰ 50 ਲੱਖ ਰੁਪਏ ਮੌਕੇ ‘ਤੇ ਦੇਣ ਅਤੇ ਬਕਾਇਆ ਰਕਮ ਬਾਅਦ ‘ਚ ਦੇਣ ਦੀ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਏ.ਆਈ.ਜੀ. ਨੇ ਇਸ ਬਾਰੇ ਮੁੱਖ ਡਾਇਰੈਕਟਰ ਨੂੰ ਜਾਣੂੰ ਕਰਵਾ ਦਿੱਤਾ, ਜਿਨ੍ਹਾਂ ਨੇ ਸਾਬਕਾ ਮੰਤਰੀ ਖ਼ਿਲਾਫ਼ ਰਿਸ਼ਵਤਖੋਰੀ ਦਾ ਕੇਸ ਦਰਜ ਕਰਨ ਦੇ ਹੁਕਮ ਦੇ ਦਿੱਤੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਤੋਂ ਉਸੇ ਵੇਲੇ ਜਾਣੂੰ ਕਰਵਾ ਦਿੱਤਾ ਸੀ। ਇਸ ਮਾਮਲੇ ‘ਚ ਅਰੋੜਾ ਨੂੰ ਰਿਸ਼ਵਤ ਦਿੰਦੇ ਹੋਏ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 50 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਮੂਲ ਰੂਪ ‘ਚ ਸੁੰਦਰ ਸ਼ਰਮ ਅਰੋੜਾ ਗੜ੍ਹਦੀਵਾਲ ਦੇ ਰਹਿਣ ਵਾਲੇ ਤੇ ਇਕ ਸਾਧਾਰਨ ਪਰਿਵਾਰ ‘ਚ ਜਨਮੇ ਸਨ। ਬਾਅਦ ‘ਚ ਅੱਸੀ ਦੇ ਦਹਾਕੇ ‘ਚ ਉਹ ਹੁਸ਼ਿਆਰਪੁਰ ਆ ਗਏ ਅਤੇ ਉਨ ਦੀ ਦੁਕਾਨ ਸ਼ੁਰੂ ਕੀਤੀ। ਬਾਅਦ ‘ਚ ਗੈਸ ਏਜੰਸੀ ਖੋਲ੍ਹੀ, ਪ੍ਰਾਪਰਟੀ ਖ੍ਰੀਦਣ ਵੇਚਣ ਦੇ ਕੰਮ ਹੱਥ ਅਜਮਾਇਆ ਜਿਥੋਂ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਲਾਭ ਹੋਇਆ। ਫਿਰ ਪਹਿਲੀ ਵਾਰ ਆਜ਼ਾਦੀ ਉਮੀਦਵਾਰ ਵਜੋਂ ਵਿਧਾਨ ਸਭਾ ਚੋਣਾ ਲੜੀ ਤੇ ਬਾਅਦ ‘ਚ ਕਾਂਗਰਸ ਵੱਲੋਂ ਵਿਧਾਇਕ ਤੇ ਮੰਤਰੀ ਬਣੇ।