ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਪੰਜਾਬ ‘ਚ ਸਿਆਸਤ ਤੇਜ਼ ਹੋ ਗਈ ਹੈ। ਦਰਅਸਲ 26 ਜਨਵਰੀ ਨੂੰ ਸਿੱਧੂ ਦੀ ਰਿਹਾਈ ਲਗਪਗ ਪੱਕੀ ਮੰਨੀ ਜਾ ਰਹੀ ਸੀ। ਸਿੱਧੂ ਖੇਮੇ ਨੇ ਤਾਂ ਸਵਾਗਤ ਦੀਆਂ ਤਿਆਰੀਆਂ ਤਕ ਕਰ ਲਈਆਂ ਸਨ। ਜਗ੍ਹਾ-ਜਗ੍ਹਾ ਸਵਾਗਤੀ ਬੋਰਡ ਲੱਗ ਗਏ ਸੀ। ਇਥੋਂ ਤਕ ਕਿ ਸਿੱਧੂ ਸਮਰਥਕ ਵੀ ਉਨ੍ਹਾਂ ਦੇ ਘਰ ਪਹੁੰਚ ਚੁੱਕੇ ਸਨ। ਪਰ ਜਦੋਂ ਉਨ੍ਹਾਂ ਸਮੇਤ 51 ਕੈਦੀਆਂ ਦੀ ਰਿਹਾਈ ਦੀ ਫਾਈਲ ਰਾਜਪਾਲ ਕੋਲ ਨਾ ਪੁੱਜਣ ਦੀ ਖਬਰ ਆਈ ਤਾਂ ਸਾਰੇ ਮਾਯੂਸ ਹੋ ਗਏ। ਸ਼ਮਸ਼ੇਰ ਸਿੰਘ ਦੂਲੋ ਸਮੇਤ ਸਿੱਧੂ ਸਮਰਥਕਾਂ ਵੱਲੋਂ ਨਵਜੋਤ ਸਿੱਧੂ ਦੀ ਪਟਿਆਲਾ ਰਿਹਾਇਸ਼ ‘ਤੇ ਪ੍ਰੈੱਸ ਕਾਨਫੰਰਸ ਕੀਤੀ ਗਈ। ਇਸ ਦੌਰਾਨ ਦੂਲੋ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਨਵਜੋਤ ਸਿੱਧੂ ਦੀ ਰਿਹਾਈ ਤੋਂ ਡਰ ਗਈਆਂ ਹਨ। ਉਨ੍ਹਾਂ ਕਿਹਾ ਕਿ ਇਕੱਲੀ ‘ਆਪ’ ਸਰਕਾਰ ਹੀ ਨਹੀਂ ਡਰੀ ਸਗੋਂ ਕਾਂਗਰਸ ‘ਚ ਵੀ ਬਿਨਾਂ ਤਜਰਬੇ ਤੋਂ ਅਹੁਦਿਆਂ ਤਕ ਪੁੱਜੇ ਲੀਡਰ ਵੀ ਡਰ ਗਏ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਸਿੱਧੂ ਨਾਲ ਹੀ ਧੱਕਾ ਨਹੀਂ ਹੋਇਆ ਬਲਕਿ ਉਨ੍ਹਾਂ 50 ਕੈਦੀਆਂ ਨਾਲ ਵੀ ਧੱਕਾ ਹੋਇਆ ਹੈ ਜਿਨ੍ਹਾਂ ਨੂੰ ਅੱਜ ਰਿਹਾਅ ਕੀਤਾ ਜਾ ਸਕਦਾ ਸੀ। ਦੂਲੇ ਨੇ ਕਿਹਾ ਕਿ ਸਿੱਧੂ ਜਲਦ ਹੀ ਬਾਹਰ ਆਉਣਗੇ ਤੇ ਕਾਂਗਰਸ ਲਈ ਛੱਕੇ ਮਾਰਨਗੇ। ਮਹਿੰਦਰ ਕੇ.ਪੀ., ਸ਼ਮਸ਼ੇਰ ਦੂਲੋ, ਗੁਰਬਿੰਦਰ ਸਿੰਘ ਅਟਵਾਲ, ਨਵਤੇਜ ਚੀਮਾ ਸਣੇ ਹੋਰ ਟਕਸਾਲੀ ਕਾਂਗਰਸੀ ਆਗੂਆਂ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਸਥਿਤ ਰਿਹਾਇਸ਼ ਵਿਖੇ ਕੇਂਦਰ ਅਤੇ ਸੂਬਾ ਸਰਕਾਰ ‘ਤੇ ਤਿੱਖੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਇਨ੍ਹਾਂ ਸਿਰੋਂ ਅਜੇ ‘ਸਿੱਧੂ ਫੋਬੀਆ’ ਨਹੀਂ ਉੱਤਰਿਆ। ਇਸੇ ਕਾਰਨ ਅੱਜ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਲ੍ਹ ‘ਚੋਂ ਰਿਹਾਅ ਹੋਣ ਵਾਲੇ ਪੰਜਾਬ ਦੀ ਪ੍ਰਸਤਾਵਿਤ ਸੂਚੀ ‘ਚ ਨਵਜੋਤ ਸਿੰਘ ਸਿੱਧੂ ਸਣੇ 51 ਕੈਦੀਆਂ ਦੇ ਨਾਂ ਸਨ। ਪਰ ਸਰਕਾਰ ਨੇ ਕਿਸੇ ਵੀ ਕੈਦੀ ਨੂੰ ਰਿਹਾਅ ਨਾ ਕਰ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ-ਨਾਲ ਬਾਕੀ 50 ਕੈਦੀਆਂ ਨਾਲ ਵੀ ਧੱਕਾ ਕੀਤਾ ਹੈ। ਸਰਕਾਰ ਨੇ ਸਿੱਧੂ ਨੂੰ ਰਿਹਾਅ ਨਾ ਕਰ ਕੇ ਕਾਯਰਤਾ ਦਿਖਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲਗਾਤਾਰ ਬਾਬਾ ਸਾਹਿਬ ਦੇ ਸੰਵਿਧਾਨ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਜ ਗਣਤੰਤਰ ਦਿਵਸ ‘ਤੇ ਬਾਬਾ ਸਾਹਿਬ ਦੀ ਆਤਮਾ ਨੂੰ ਸੱਟ ਪਹੁੰਚਾਈ ਗਈ ਹੈ। ਉਕਤ ਆਗੂਆਂ ਨੇ ਕਿਸੇ ਦਾ ਨਾਂ ਲਏ ਬਿਨਾ ਇਸ਼ਾਰੇ-ਇਸ਼ਾਰੇ ‘ਚ ਰਾਜਾ ਵੜਿੰਗ, ਕੈਪਟਨ ਅਮਰਿੰਦਰ ਸਿੰਘ ਤੇ ਹੋਰਨਾਂ ਕਾਂਗਰਸੀਆਂ ਨੂੰ ਵੀ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ ਕਿ ਕਈ ਲੋਕਾਂ ਨੂੰ ਅਹੁਦਾ ਤਾਂ ਮਿਲ ਗਿਆ ਪਰ ਉਨ੍ਹਾਂ ਨੂੰ ਕੋਈ ਤਜ਼ੁਰਬਾ ਨਹੀਂ ਹੈ। ਸਿੱਧੂ ਤੋਂ ਵਿਰੋਧੀ ਪਾਰਟੀਆਂ ਹੀ ਨਹੀਂ ਸਗੋਂ ਕਾਂਗਰਸ ਦੇ ਵੀ ਕਈ ਲੋਕ ਖੁਸ਼ ਨਹੀਂ ਹਨ। ਉਨ੍ਹਾਂ ਕਾਂਗਰਸੀਆਂ ਨੂੰ ਅਪੀਲ ਕੀਤੀ ਕਿ ਅਜਿਹੇ ਮੌਕੇ ‘ਤੇ ਆਪਸੀ ਗਿਲੇ-ਸ਼ਿਕਵੇ ਪਾਸੇ ਰੱਖ ਕੇ ਹਮਦਰਦੀ ਨਾਲ ਸਿੱਧੂ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਪਾਰਟੀ ‘ਚ ਜੋ ਵੀ ਅਹੁਦਾ ਸੌਂਪਣਾ ਹੈ, ਉਹ ਹਾਈਕਮਾਨ ਦੀ ਮਰਜ਼ੀ ਹੈ।