ਅਮਰੀਕਾ ਦੀ 18 ਸਾਲਾ ਕੋਕੋ ਗੌਫ ਨੇ ਚੀਨ ਦੀ ਝਾਂਗ ਸ਼ੁਆਈ ਨੂੰ 7-5, 7-5 ਨਾਲ ਹਰਾ ਕੇ ਪਹਿਲੀ ਵਾਰ ਅਮਰੀਕੀ ਓਪਨ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ। ਫ੍ਰੈਂਚ ਓਪਨ ਦੀ ਉਪ ਜੇਤੂ ਕੋਕੋ ਗੌਫ ਮੇਲਾਨੀ ਓਡਿਨ ਤੋਂ ਬਾਅਦ ਯੂ.ਐਸ. ਓਪਨ ਦੇ ਆਖਰੀ ਅੱਠ ‘ਚ ਪਹੁੰਚਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਗਈ। ਓਡਿਨ 2009 ‘ਚ 17 ਸਾਲ ਦੀ ਉਮਰ ‘ਚ ਇਥੇ ਪਹੁੰਚੀ ਸੀ। ਪੁਰਸ਼ ਵਰਗ ‘ਚ 23ਵੇਂ ਸਥਾਨ ‘ਤੇ ਕਾਬਜ਼ ਨਿਕ ਕਿਰਗਿਓਸ ਨੇ ਪਿਛਲੇ ਚੈਂਪੀਅਨ ਅਤੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਦਾਨਿਲ ਮੇਦਵੇਦੇਵ ਨੂੰ 7-6, 3-6, 6-3, 6-2 ਨਾਲ ਹਰਾਇਆ ਸੀ। ਹੁਣ ਉਸਦਾ ਸਾਹਮਣਾ 27ਵਾਂ ਦਰਜਾ ਪ੍ਰਾਪਤ ਕਾਰੇਨ ਖਾਚਾਨੋਵ ਨਾਲ ਹੋਵੇਗਾ ਜਦੋਂ ਕਿ ਦੂਜੇ ਕੁਆਰਟਰ ਫਾਈਨਲ ‘ਚ ਫ੍ਰੈਂਚ ਓਪਨ ਦੇ ਉਪ ਜੇਤੂ ਕੈਸਪਰ ਰੂਡ ਦਾ ਸਾਹਮਣਾ ਵਿੰਬਲਡਨ ਦੇ ਉਪ ਜੇਤੂ ਮੈਟਿਓ ਬੇਰੇਟੀਨੀ ਨਾਲ ਹੋਵੇਗਾ। ਅਮਰੀਕੀ ਓਪਨ ਤੋਂ ਬਾਅਦ ਮੇਦਵੇਦੇਵ ਦੀ ਚੋਟੀ ਦੀ ਰੈਂਕਿੰਗ ਵੀ ਚਲੀ ਜਾਵੇਗੀ। ਰਾਫੇਲ ਨਡਾਲ, ਕਾਰਲੋਸ ਅਲਕਾਰੇਜ਼ ਜਾਂ ਰੁਡ ਵਿਚੋਂ ਕੋਈ ਉਸਦੀ ਜਗ੍ਹਾ ਲਵੇਗਾ। ਕੋਕੋ ਗੌਫ ਦਾ ਸਾਹਮਣਾ ਹੁਣ ਫਰਾਂਸ ਦੀ 17ਵੀਂ ਰੈਂਕਿੰਗ ਦੀ ਕੈਰੋਲਿਨ ਗਾਰਸੀਆ ਨਾਲ ਹੋਵੇਗਾ ਜਿਸ ਨੇ 29ਵੀਂ ਰੈਂਕਿੰਗ ਦੀ ਐਲੀਸਨ ਰਿਸਕੇ ਅੰਮ੍ਰਿਤਰਾਜ ਨੂੰ 6-4, 6-1 ਨਾਲ ਹਰਾਇਆ, ਤੀਜੇ ਦੌਰ ‘ਚ ਸੇਰੇਨਾ ਵਿਲੀਅਮਜ਼ ਨੂੰ ਹਰਾਉਣ ਵਾਲੀ ਅਜਾਲਾ ਟੋਮਜਾਨੋਵਿਕ ਦਾ ਸਾਹਮਣਾ ਪੰਜਵਾਂ ਦਰਜਾ ਪ੍ਰਾਪਤ ਔਂਸ ਜਾਬਾਉਰ ਜਾਂ 18ਵਾਂ ਦਰਜਾ ਪ੍ਰਾਪਤ ਵੇਰੋਨਿਕਾ ਕੁਡੇਰਮੇਤੋਵਾ ਨਾਲ ਹੋਵੇਗਾ।