ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ‘ਚ ਵਿਆਪਕ ਪੱਧਰ ‘ਤੇ ਹਿੰਸਕ ਘਟਨਾਵਾਂ ਵਾਪਰੀਆਂ ਅਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਜਦਕਿ ਇਸੇ ਦੌਰਾਨ ਕਈ ਮਾਮਲਿਆਂ ‘ਚ ਜ਼ਮਾਨਤ ਮਿਲਣ ‘ਤੇ ਸਾਬਕਾ ਪ੍ਰਧਾਨ ਮੰਤਰੀ ਆਪਣੀ ਲਾਹੌਰ ਰਿਹਾਇਸ਼ ‘ਤੇ ਪਹੁੰਚ ਗਏ ਹਨ। ਕਈ ਮਾਮਲਿਆਂ ‘ਚ ਜ਼ਮਾਨਤ ਮਿਲਣ ਦੇ ਬਾਵਜੂਦ ਸੁਰੱਖਿਆ ਇੰਤਜ਼ਾਮ ਨੂੰ ਲੈ ਕੇ ਉਨ੍ਹਾਂ ਨੂੰ ਅਦਾਲਤ ਕੰਪਲੈਕਸ ‘ਚ ਹੀ ਰੁਕਣਾ ਪਿਆ ਸੀ। ਇਸਲਾਮਾਬਾਦ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ ਦੋ ਹਫ਼ਤਿਆਂ ਲਈ ਸੁਰੱਖਿਆਤਮਤ ਜ਼ਮਾਨਤ ਦਿੰਦੇ ਹੋਏ ਸੋਮਵਾਰ ਤੱਕ ਦੇਸ਼ ‘ਚ ਕਿਤੇ ਵੀ ਦਰਜ ਕਿਸੇ ਵੀ ਮਾਮਲੇ ‘ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ‘ਤੇ ਰੋਕ ਲਗਾ ਦਿੱਤੀ ਸੀ। ਹਾਈ ਕੋਰਟ ਦੇ 3 ਵੱਖ-ਵੱਖ ਬੈਂਚਾਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ 70 ਸਾਲਾ ਮੁਖੀ ਨੂੰ ਰਾਹਤ ਦਿੱਤੀ ਜਿਨ੍ਹਾਂ ਨੂੰ ਸਖ਼ਤ ਸੁਰੱਖਿਆ ਵਿਚਕਾਰ ਅਦਾਲਤ ਲਿਜਾਇਆ ਗਿਆ ਸੀ। ਦੇਸ਼ਧ੍ਰੇਹ ਅਤੇ ਹਿੰਸਾ ਨਾਲ ਸਬੰਧਤ ਕਈ ਮਾਮਲਿਆਂ ਅਤੇ ਅਲ ਕਾਦਿਰ ਟਰੱਸਟ ਭ੍ਰਿਸ਼ਟਾਚਾਰ ਮਾਮਲੇ ‘ਚ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਲਾਹੌਰ ਲਈ ਰਵਾਨਾ ਹੋਣ ਤੋਂ ਪਹਿਲਾਂ ਇਸਲਾਮਾਬਾਦ ਪੁਲੀਸ ਨੇ ਕਥਿਤ ਤੌਰ ‘ਤੇ ਇਮਰਾਨ ਖਾਨ ਨੂੰ 3 ਘੰਟੇ ਤੋਂ ਵੱਧ ਸਮੇਂ ਤੱਕ ਸੁਰੱਖਿਆ ਵਿਵਸਥਾ ਦੇ ਆਧਾਰ ‘ਤੇ ਅਦਾਲਤ ‘ਚ ਰੋਕੀ ਰੱਖਿਆ। ਅਧਿਕਾਰੀਆਂ ਨਾਲ ਲੰਮੀ ਤਕਰਾਰ ਤੋਂ ਬਾਅਦ ਉਹ ਅਦਾਲਤ ਕੰਪਲੈਕਸ ਵਿੱਚੋਂ ਬਾਹਰ ਆਏ। ਇਮਰਾਨ ਖਾਨ ਦੇ ਇਥੇ ਜ਼ਮਾਨ ਪਾਰਕ ਸਥਿਤ ਰਿਹਾਇਸ਼ ਪੁੱਜਣ ‘ਤੇ ਵੱਡੀ ਗਿਣਤੀ ‘ਚ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਇਮਰਾਨ ਖਾਨ ਦੇ ਪੱਖ ‘ਚ ਅਤੇ ਸੱਤਾਧਾਰੀ ਪਾਰਟੀ ਦੀ ਅਗਵਾਈ ਵਾਲੇ ਗਠਜੋੜ ਖ਼ਿਲਾਫ਼ ਨਾਅਰੇ ਵੀ ਲਗਾਏ।