ਬ੍ਰਿਟੇਨ ਦੀ ਕੁਈਨ ਐਲਿਜ਼ਾਬੈੱਥ ਦੋਇਮ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋਣ ਲਈ ਇੰਡੀਆ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਲੰਡਨ ਪਹੁੰਚ ਗਏ ਹਨ। ਕੁਈਨ ਐਲਿਜ਼ਾਬੈੱਥ ਦੋਇਮ ਦਾ ਸਸਕਾਰ 19 ਸਤੰਬਰ ਦਿਨ ਸੋਮਵਾਰ ਨੂੰ ਲੰਡਨ ਦੇ ਵੈਸਟਮਿੰਸਟਰ ਐਬੇ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਬ੍ਰਿਟੇਨ ਦੀ ਸਾਬਕਾ ਰਾਜ ਅਤੇ ਰਾਸ਼ਟਰਮੰਡਲ ਦੀ ਮੁਖੀ ਮਹਾਰਾਣੀ ਐਲਿਜ਼ਾਬੇਥ ਦੋਇਮ ਦਾ 8 ਸਤੰਬਰ ਨੂੰ 96 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਸੀ। 11 ਸਤੰਬਰ ਨੂੰ ਮਹਾਰਾਣੀ ਦੀ ਮੌਤ ‘ਤੇ ਇੰਡੀਆ ‘ਚ ਰਾਸ਼ਟਰੀ ਸੋਗ ਦਾ ਦਿਨ ਐਲਾਨਿਆ ਗਿਆ ਸੀ।
ਓਧਰ ਵੈਸਟਮਿੰਸਟਰ ਹਾਲ ‘ਚ ਅੰਤਿਮ ਦਰਸ਼ਨਾਂ ਲਈ ਰੱਖੇ ਗਏ ਮਰਹੂਮ ਮਹਾਰਾਣੀ ਐਲਿਜ਼ਾਬੈੱਥ ਦੀ ਦੇਹ ਵਾਲੇ ਤਾਬੂਤ ਵੱਲ ਇਕ ਵਿਅਕਤੀ ਨੇ ਸ਼ੁੱਕਰਵਾਰ ਰਾਤ ਭੱਜ ਕੇ ਜਾਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ ਦਸ ਵਜੇ ਦੀ ਹੈ। ਵਿਅਕਤੀ ਨੂੰ ਜਨਤਕ ਵਿਵਸਥਾ ਐਕਟ ਤਹਿਤ ਹਿਰਾਸਤ ‘ਚ ਲਿਆ ਗਿਆ ਹੈ। ਇਸ ਦੌਰਾਨ ਬੀ.ਬੀ.ਸੀ. ‘ਤੇ ਵੈਸਟਮਿੰਸਟਰ ਹਾਲ ਦਾ ਸਿੱਧਾ ਪ੍ਰਸਾਰਨ ਚੱਲ ਰਿਹਾ ਹੈ ਜਿਸ ਨੂੰ ਘਟਨਾ ਦੌਰਾਨ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਇਹ ਵਿਅਕਤੀ ਬਾਕੀ ਲੋਕਾਂ ਵਾਂਗ ਕਤਾਰ ‘ਚ ਲੱਗਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਹਾਲ ‘ਚ ਮਹਾਰਾਣੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹਜ਼ਾਰਾਂ ਦੀ ਗਿਣਤੀ ‘ਚ ਲੋਕ ਆ ਰਹੇ ਹਨ ਤੇ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ।
ਕੁਈਨ ਐਲਿਜ਼ਾਬੈੱਥ ਦੀ ਅੰਤਿਮ ਯਾਤਰਾ ‘ਚ ਹਿੱਸਾ ਲੈਣ ਤੋਂ ਪਹਿਲਾਂ ਬਰਤਾਨੀਆ ਦੀ ਥਲ ਸੈਨਾ, ਹਵਾਈ ਸੈਨਾ ਤੇ ਜਲ ਸੈਨਾ ਦੇ ਸੈਂਕੜੇ ਜਵਾਨਾਂ ਨੇ ‘ਮੁਕੰਮਲ ਰਿਹਰਸਲ’ ਕੀਤੀ। ਵਿੰਡਸਰ ਕਾਸਲ ਵੱਲ ਜਾਣ ਵਾਲੇ ਰਸਤੇ ‘ਲਾਂਗ ਵਾਕ’ ਉੱਤੇ ਫੌਜ ਦੀਆਂ ਟੁੱਕੜੀਆਂ ਤਾਇਨਾਤ ਸਨ। ਢੋਲ ਵੱਜ ਰਹੇ ਸਨ ਅਤੇ ਮਾਰਚ ਪਾਸਟ ਅੱਗੇ ਵਧ ਰਿਹਾ ਸੀ। ਇਹ ਸਾਰੇ ਸੈਨਿਕ ਸੋਮਵਾਰ ਨੂੰ ਮਹਾਰਾਣੀ ਐਲਿਜ਼ਾਬੈੱਥ ਦੀ ਅੰਤਿਮ ਯਾਤਰਾ ‘ਚ ਵੀ ਹਿੱਸਾ ਲੈਣਗੇ।
ਕੁਈਨ ਐਲਿਜ਼ਾਬੈੱਥ ਦੋਇਮ ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋਣ ਲਈ ਇੰਡੀਆ ਦੀ ਰਾਸ਼ਟਰਪਤੀ ਲੰਡਨ ਪੁੱਜੇ
Related Posts
Add A Comment