ਇਕ ਵਾਰ ਫਿਰ ਬਾਬਾ ਰਾਮਦੇਵ ਵਿਵਾਦਾਂ ‘ਚ ਘਿਰ ਗਏ ਹਨ ਅਤੇ ਇਸ ਵਾਰ ਉਨ੍ਹਾਂ ਔਰਤਾਂ ਦੇ ਪਹਿਰਾਵੇ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਯੋਗ ਗੁਰੂ ਰਾਮਦੇਵ ਦੀ ਮਹਿਲਾਵਾਂ ਦੇ ਪਹਿਰਾਵੇ ਨੂੰ ਲੈ ਕੇ ਕੀਤੀ ਟਿੱਪਣੀ ਨਾਲ ਸਿਆਸੀ ਤੇ ਸਮਾਜਿਕ ਹਲਕਿਆਂ ‘ਚ ਨਾਰਾਜ਼ਗੀ ਪਾਈ ਜਾ ਰਹੀ ਹੈ। ਪਤੰਜਲੀ ਯੋਗ ਪੀਠ ਤੇ ਮੁੰਬਈ ਮਹਿਲਾ ਪਤੰਜਲੀ ਯੋਗ ਸਮਿਤੀ ਵੱਲੋਂ ਕਰਵਾਏ ਗਏ ਯੋਗ ਸਿਖਲਾਈ ਪ੍ਰੋਗਰਾਮ ਦੌਰਾਨ 56 ਸਾਲਾ ਬਾਬਾ ਰਾਮਦੇਵ ਨੇ ਕਿਹਾ, ‘ਔਰਤਾਂ ਸਾੜੀ ‘ਚ ਚੰਗੀਆਂ ਲੱਗਦੀਆਂ ਹਨ। ਉਹ ਸੂਟ-ਸਲਵਾਰ ‘ਚ ਵੀ ਚੰਗੀਆਂ ਲਗਦੀਆਂ ਹਨ ਅਤੇ ਮੇਰੀ ਨਜ਼ਰ ‘ਚ ਉਹ ਉਦੋਂ ਵੀ ਚੰਗੀਆਂ ਲਗਦੀਆਂ ਹਨ ਜੇਕਰ ਉਨ੍ਹਾਂ ਕੁਝ ਵੀ ਨਾ ਪਹਿਨਿਆ ਹੋਵੇ।’ ਰਾਮਦੇਵ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਇਕ ਮਹਿਲਾ ਨੇ ਯੋਗ ਤੋਂ ਪਹਿਲਾਂ ਕੱਪੜੇ ਬਦਲਣ ਦਾ ਸਮਾਂ ਨਾ ਮਿਲਣ ਦੀ ਸਮੱਸਿਆ ਬਾਰੇ ਸਵਾਲ ਕੀਤਾ। ਇਸ ਮੌਕੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਪੁੱਤਰ ਤੇ ਠਾਣੇ ਤੋਂ ਬਾਲਾਸਾਹਿਬਆਂਚੀ ਸ਼ਿਵ ਸੈਨਾ ਦੇ ਸੰਸਦ ਮੈਂਬਰ ਸ੍ਰੀਕਾਂਤ ਸ਼ਿੰਦੇ, ਉੱਪ ਮੁੱਖ ਮੰਤਰੀ ਤੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਦੀ ਪਤਨੀ ਤੇ ਗਾਇਕਾ ਅੰਮ੍ਰਿਤਾ ਫੜਨਵੀਸ ਤੇ ਹੋਰ ਅਹਿਮ ਹਸਤੀਆਂ ਹਾਜ਼ਰ ਸਨ। ਰਾਮਦੇਵ ਨੇ ਉਨ੍ਹਾਂ ਮਹਿਲਾਵਾਂ ਨਾਲ ਗੱਲਬਾਤ ਕੀਤੀ ਜੋ ਆਪਣੇ ਯੋਗ ਦੇ ਕੱਪੜੇ ਤੇ ਸਾੜੀਆਂ ਲੈ ਕੇ ਆਈਆਂ ਸਨ ਤੇ ਸਿਖਲਾਈ ਕੈਂਪ ‘ਚ ਸ਼ਾਮਲ ਹੋਈਆਂ ਸਨ। ਕਿਉਂਕਿ ਮੀਟਿੰਗ ਸਿਖਲਾਈ ਕੈਂਪ ਤੋਂ ਤੁਰੰਤ ਬਾਅਦ ਸ਼ੁਰੂ ਹੋਈ ਇਸ ਲਈ ਕਈ ਮਹਿਲਾਵਾਂ ਨੂੰ ਕੱਪੜੇ ਬਦਲਣ ਦਾ ਸਮਾਂ ਨਹੀਂ ਮਿਲਿਆ ਅਤੇ ਉਨ੍ਹਾਂ ਇਸ ‘ਚ ਆਪਣੇ ਯੋਗ ਵਾਲੇ ਕੱਪੜੇ ਪਹਿਨ ਕੇ ਹੀ ਹਿੱਸਾ ਲਿਆ। ਇਸ ‘ਤੇ ਰਾਮਦੇਵ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਾੜੀ ਪਹਿਨਣ ਦਾ ਸਮਾਂ ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ। ਉਹ ਘਰ ਜਾ ਜੇ ਸਾੜੀ ਪਹਿਨ ਸਕਦੀਆਂ ਹਨ। ਇਸ ਮਗਰੋਂ ਰਾਮਦੇਵ ਨੇ ਮਹਿਲਾਵਾਂ ਦੇ ਪਹਿਰਾਵੇ ਨੂੰ ਲੈ ਕੇ ‘ਭੱਦੀ’ ਟਿੱਪਣੀ ਕੀਤੀ।