ਪੰਜਾਬ ਇੰਡੀਆ ਦੇ ਸਭ ਤੋਂ ਵਿਕਸਤ ਸੂਬਿਆਂ ‘ਚੋਂ ਇਕ ਹੈ ਪਰ ਇਥੇ ਵੀ ਐਂਬੂਲੈਂਸ ‘ਚ ਬੱਚੇ ਨੂੰ ਜਨਮ ਦੇਣ ਅਤੇ ਜਨਮ ਤੋਂ ਬਾਅਦ ਬੱਚੇ ਦੀ ਮੌਤ ਹੋਣ ਦੀ ਘਟਨਾ ਹੈਰਾਨੀਜਨਕ ਤੇ ਸ਼ਰਮਨਾਕ ਹੈ। ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਸਰਕਾਰੀ ਹਸਪਤਾਲ ਚੰਡੀਗੜ੍ਹ ਲਈ ਰੈਫਰ ਕੀਤੀ ਗਰਭਵਤੀ ਔਰਤ ਨੇ ਰਸਤੇ ‘ਚ 108 ਐਂਬੂਲੈਂਸ ‘ਚ ਲੜਕੇ ਨੂੰ ਜਨਮ ਦਿੱਤਾ ਪਰ ਨਵਜੰਮੇ ਬੱਚੇ ਦੀ ਥੋੜ੍ਹੇ ਸਮੇਂ ਬਾਅਦ ਐਂਬੂਲੈਂਸ ‘ਚ ਹੀ ਮੌਤ ਹੋ ਗਈ, ਜਦੋਂਕਿ ਐਂਬੂਲੈਂਸ ਵਾਪਸ ਸਿਵਲ ਹਸਪਤਾਲ ਆਈ ਤੇ ਔਰਤ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਔਰਤ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਸਿਹਤ ਪ੍ਰਣਾਲੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਲੋਕਾਂ ਨੂੰ ਆਪਣੀਆਂ ਕੀਮਤੀ ਜਾਨਾਂ ਤੋਂ ਵੀ ਹੱਥ ਧੋਣੇ ਪੈ ਰਹੇ ਹਨ। ਪੀੜਤ ਔਰਤ ਦਿਲਪ੍ਰੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਵਾਸੀ ਗੋਪਾਲ ਕੋਟਲਾ ਨੇ ਦੱਸਿਆ ਕਿ ਉਸ ਦੀ ਪਤਨੀ ਜੋ ਗਰਭਵਤੀ ਸੀ, ਦੇ ਦਰਦ ਹੋਣ ਲੱਗੀ ਅਤੇ ਉਹ ਬਾਅਦ ਦੁਪਹਿਰ ਉਸ ਨੂੰ ਸਿਵਲ ਹਸਪਤਾਲ ਲੈ ਆਇਆ। ਮੌਕੇ ‘ਤੇ ਮੌਜੂਦ ਡਾਕਟਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਜਦੋਂ ਉਹ ਐਂਬੂਲੈਂਸ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਨੇੜੇ ਪਹੁੰਚੀ ਤਾਂ ਔਰਤ ਨੇ ਬੱਚੇ ਨੂੰ ਜਨਮ ਦੇ ਦਿੱਤਾ ਪਰ ਕੁਝ ਸਮੇਂ ਬਾਅਦ ਹੀ ਨਵਜੰਮੇ ਬੱਚੇ ਦੀ ਮੌਤ ਹੋ ਗਈ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਇਸ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਰੀਜ਼ ਆਉਣ ਤੋਂ ਪਹਿਲਾਂ ਬੱਸੀ ਹਸਪਤਾਲ ‘ਚੋਂ ਰੈਫਰ ਹੋ ਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਆਈ ਸੀ ਤੇ ਬੱਚੇ ਦਾ ਭਾਰ ਘੱਟ ਹੋਣ ‘ਤੇ ਉਸ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।