ਮੁਹਾਲੀ ਦੇ ਐੱਸ.ਐੱਸ.ਪੀ. ਵਿਵੇਕ ਸ਼ੀਲ ਸੋਨੀ ਨੇ ਡੇਰਾਬੱਸੀ ਗੋਲੀ ਕਾਂਡ ਮਾਮਲੇ ’ਚ ਮੁਬਾਰਕਪੁਰ ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਬਲਵਿੰਦਰ ਸਿੰਘ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ। ਇਸ ਮਗਰੋਂ ਵੱਖ-ਵੱਖ ਧਾਰਾਵਾਂ ਤਹਿਤ ਇਹ ਐੱਫ.ਆਈ.ਆਰ. ਦਰਜ ਕਰ ਲਈ ਗਈ। ਐੱਸ.ਐੱਸ.ਪੀ. ਨੇ ਮੌਕੇ ’ਤੇ ਮੌਜੂਦ ਤਿੰਨ ਹੋਰ ਪੁਲੀਸ ਮੁਲਾਜ਼ਮਾਂ ਨੂੰ ਸਜ਼ਾ ਦੇਣ ਲਈ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ 26 ਜੂਨ 2022 ਦੀ ਰਾਤ ਵਾਪਰੀ ਜਦੋਂ ਐੱਸ.ਆਈ. ਬਲਵਿੰਦਰ ਸਿੰਘ ਪੁਲੀਸ ਟੀਮ ਨਾਲ ਰੁਟੀਨ ਚੈਕਿੰਗ ਕਰ ਰਹੇ ਸਨ। ਉਨ੍ਹਾਂ ਦੀ ਕੁਝ ਵਿਅਕਤੀਆਂ ਨਾਲ ਬਹਿਸ ਹੋ ਗਈ। ਝਗਡ਼ੇ ਉਪਰੰਤ ਤੈਸ਼ ’ਚ ਆਏ ਥਾਣੇਦਾਰ ਨੇ ਇਕ ਔਰਤ ਦੇ ਥੱਪਡ਼ ਮਾਰ ਦਿੱਤਾ। ਇਸ ਮਗਰੋਂ ਔਰਤ ਦਾ ਪਤੀ ਤੇ ਇਕ ਹੋਰ ਨੌਜਵਾਨ ਭਡ਼ਕ ਗਏ। ਉਨ੍ਹਾਂ ਥਾਣੇਦਾਰ ਨਾਲ ਹੱਥੋਪਾਈ ਦੀ ਕੋਸ਼ਿਸ਼ ਤਾਂ ਚੌਕੀ ਇੰਚਾਰਜ ਨੇ ਵੀ ਅੱਗੋਂ ਹਿਤੇਸ਼ ਕੁਮਾਰ ਨਾਂ ਦੇ ਇਕ ਨੌਜਵਾਨ ਦੇ ਪੱਟ ’ਚ ਗੋਲੀ ਮਾਰ ਦਿੱਤੀ। ਇਸ ਉਪਰੰਤ ਕੁਝ ਲੋਕਾਂ ਨੇ ਪੁਲੀਸ ਵਾਹਨ ਦੀ ਭੰਨਤੋਡ਼ ਵੀ ਕੀਤੀ। ਐੱਸ.ਐੱਸ.ਪੀ. ਅਨੁਸਾਰ ਬਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਉਸ ਦਾ ਤਬਾਦਲਾ ਪੁਲੀਸ ਲਾਈਨਜ਼ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਘਟਨਾ ਉਪਰੰਤ ਐੱਸ.ਐੱਸ.ਪੀ. ਨੇ ਤੁਰੰਤ ਘਟਨਾ ਦੀ ਜਾਂਚ ਕਰਨ ਅਤੇ ਰਿਪੋਰਟ ਸੌਂਪਣ ਲਈ ਐੱਸ.ਪੀ. ਹੈੱਡਕੁਆਰਟਰ ਦੀ ਅਗਵਾਈ ’ਚ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਿਤਾ ਸੀ।