ਅਮਰੀਕਾ ਦੇ ਕੈਲੀਫੋਰਨੀਆ ‘ਚ ਜਨਮੀ ਦੋ ਓਲੰਪਿਕ ਖੇਡਾਂ ‘ਚ 3 ਮੀਟਰ ਅਤੇ 10 ਮੀਟਰ ਗੋਤਾਖੋਰੀ ਮੁਕਾਬਲਿਆਂ ‘ਚ ਸੋਨ ਤਗ਼ਮੇ ਜਿੱਤਣ ਵਾਲੀ ਮਹਾਨ ਗੋਤਾਖੋਰ ਪੈਟ ਮੈਕਕਾਰਮਿਕ ਦਾ ਦਿਹਾਂਤ ਹੋ ਗਿਆ ਹੈ। ਉਹ 92 ਸਾਲਾਂ ਦੀ ਸੀ। ਉਸਦੇ ਬੇਟੇ ਟਿਮ ਮੈਕਕਾਰਮਿਕ ਨੇ ਕਿਹਾ ਕਿ ਉਸਦੀ ਮੰਗਲਵਾਰ ਨੂੰ ਸਾਂਤਾ ਏਨਾ ਦੇ ਔਰੇਂਜ ਕਾਉਂਟੀ ਸ਼ਹਿਰ ‘ਚ ਕੁਦਰਤੀ ਕਾਰਨਾਂ ਕਰਕੇ ਮੌਤ ਹੋ ਗਈ। ਮੈਕਕਾਰਮਿਕ ਨੇ ਹੇਲਸਿੰਕੀ ‘ਚ 1952 ਦੀਆਂ ਓਲੰਪਿਕ ਖੇਡਾਂ ‘ਚ ਸਪਰਿੰਗ ਬੋਰਡ ਅਤੇ ਡਾਈਵਿੰਗ ਦੇ ਪਲੇਟਫਾਰਮ ਈਵੈਂਟ ‘ਚ ਸੋਨੇ ਦੇ ਤਗ਼ਮੇ ਜਿੱਤੇ ਸਨ। ਇਸ ਤੋਂ ਬਾਅਦ ਉਸ ਨੇ ਚਾਰ ਸਾਲ ਬਾਅਦ ਮੈਲਬੌਰਨ ‘ਚ ਇਹੀ ਕਾਰਨਾਮਾ ਦੁਹਰਾਇਆ। ਉਨ੍ਹਾਂ ਦੇ ਪੁੱਤਰ ਟਿਮ ਮੈਕਕਾਰਮਿਕ ਦਾ ਜਨਮ ਮੈਲਬੌਰਨ ਖੇਡਾਂ ਤੋਂ ਸਿਰਫ ਪੰਜ ਮਹੀਨੇ ਪਹਿਲਾਂ ਹੋਇਆ ਸੀ। ਗ੍ਰੇਗ ਲੌਗਾਨਿਸ ਨੇ 1984 ਲਾਸ ਏਂਜਲਸ ਓਲੰਪਿਕ ਅਤੇ ਦੁਬਾਰਾ 1988 ਸਿਓਲ ਓਲੰਪਿਕਸ ‘ਚ 3 ਮੀਟਰ ਅਤੇ 10 ਮੀਟਰ ਖਿਤਾਬ ਜਿੱਤ ਕੇ ਮੈਕਕਾਰਮਿਕ ਦੇ ਕਾਰਨਾਮੇ ਦੀ ਬਰਾਬਰੀ ਕੀਤੀ ਸੀ।