ਪੰਜਾਬ ਦੇ ਮਾਨਸਾ ਨੇੜਲੇ ਪਿੰਡ ਦੀ ਰਹਿਣ ਵਾਲੀ ਅਤੇ ਓਲੰਪਿਕਸ ਲਈ ਕੁਆਲੀਫਾਈ ਕਰਨ ਵਾਲੀ ਖਿਡਾਰਨ ਮੰਜੂ ਰਾਣੀ ਦੇ ਗਲ਼ ‘ਚ ਭਾਵੇਂ ਤਗ਼ਮਾ ਹੈ ਪਰ ਸਿਰ ‘ਤੇ ਕਰਜ਼ੇ ਦੀ ਪੰਡ ਹੈ। ਨੈਸ਼ਨਲ ਓਪਨ ਰੇਸ ਵਾਕਿੰਗ ਚੈਂਪੀਅਨਸ਼ਿਪ ‘ਚ ਕੌਮੀ ਰਿਕਾਰਡ ਤੋੜ ਕੇ ਮੰਜੂ ਨੇ ਸੋਨ ਤਗ਼ਮਾ ਜਿੱਤਿਆ ਹੈ। ਇਸ ਨਾਲ ਉਸ ਨੇ ਓਲਪਿੰਕ ਖੇਡਾਂ ‘ਚ ਕੁਆਲੀਫਾਈ ਕਰ ਲਿਆ ਜਿਸ ਲਈ ਉਹ ਖੁਸ਼ ਹੈ ਪਰ ਨਾਲ ਹੀ ਉਸ ਨੂੰ ਆਪਣੇ ਸਿਰ ਚੜ੍ਹੇ 9 ਲੱਖ ਰੁਪਏ ਦੇ ਕਰਜ਼ੇ ਅਤੇ ਪਿਤਾ ਦੀ ਗਹਿਣੇ ਪਈ ਤਿੰਨ ਏਕੜ ਜ਼ਮੀਨ ਛੁਡਾਉਣ ਦਾ ਝੋਰਾ ਵੀ ਸਤਾ ਰਿਹਾ ਹੈ। ਮੰਜੂ ਰਾਣੀ ਦਾ ਪਰਿਵਾਰ ਕਰਜ਼ੇ ਦੀ ਮਾਰ ਹੇਠ ਹੈ। ਪੰਜਾਬ ਸਰਕਾਰ ਨੇ ਸੋਨ ਤਗ਼ਮਾ ਜਿੱਤਣ ਵਾਲੀ ਇਸ ਖਿਡਾਰਨ ਨੂੰ ਸ਼ਾਬਾਸ਼ ਹੀ ਦਿੱਤੀ ਹੈ ਪਰ ਆਰਥਿਕ ਸਹਾਇਤਾ ਨਹੀਂ ਕੀਤੀ। ਪਿਛਲੇ ਦਿਨੀਂ ਖੇਡ ਮੰਤਰੀ ਮੀਤ ਹੇਅਰ ਨੇ ਮੰਜੂ ਰਾਣੀ ਨਾਲ ਮੁਲਾਕਾਤ ਕੀਤੀ ਪਰ ਫੋਕੀ ਸ਼ਾਬਾਸ਼ ਦੇ ਕੇ ਤੋਰ ਦਿੱਤਾ। ਮਾਨਸਾ ਦੇ ਪਿੰਡ ਖੈਰਾ ਖੁਰਦ ਦੀ ਮੰਜੂ ਰਾਣੀ ਚੰਡੀਗੜ੍ਹ ਤੋਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਸਿਰਫ਼ ਆਸ਼ੀਰਵਾਦ ਲੈ ਕੇ ਹੀ ਪਰਤੀ ਹੈ। ਉਸ ਨੂੰ ਆਸ ਸੀ ਕਿ ਪੰਜਾਬ ਸਰਕਾਰ ਨੇ ਜਿਵੇਂ ਰਾਂਚੀ ਤੋਂ ਉਸ ਨੂੰ ਵਿਸ਼ੇਸ਼ ਤੌਰ ‘ਤੇ ਸੱਦਿਆ ਹੈ ਤੇ ਇਹ ਸਰਕਾਰ ਉਸ ਨੂੰ ਕੁਝ ਨਾ ਕੁਝ ਜ਼ਰੂਰ ਦੇਵੇਗੀ ਪਰ ਉਸ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ ਹੈ। ਜ਼ਿਲ੍ਹਾ ਮਾਨਸਾ ਦੇ ਕੁਝ ਰਾਜਨੀਤਕ ਵਿਅਕਤੀਆਂ ਨੇ ਉਸ ਨੂੰ ਮਾਮੂਲੀ ਆਰਥਿਕ ਸਹਾਇਤਾ ਤਾਂ ਭਾਵੇਂ ਦਿੱਤੀ ਜੋ ਉਸ ਦੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨ ਲਈ ਰੱਤੀ ਭਰ ਵੀ ਨਹੀਂ ਹੈ। ਉਸ ਨੇ ਆਪਣੀ ਪੜ੍ਹਾਈ ਅਤੇ ਖੇਡਾਂ ਲਈ ਕਰਜ਼ਾ ਲਿਆ ਸੀ ਜਿਸ ਦੀਆਂ ਕਿਸ਼ਤਾਂ ਉਹ ਫੌਜ ‘ਚੋਂ ਮਿਲਦੀ ਆਪਣੀ ਤਨਖਾਹ ਨਾਲ ਉਤਾਰ ਰਹੀ ਹੈ। ਮੰਜੂ ਰਾਣੀ ਦੇ ਪਿਤਾ ਜਗਦੀਸ਼ ਗਾਮਾ ਕੋਲ ਗੁਜ਼ਾਰੇ ਲਈ ਸਿਰਫ਼ ਤਿੰਨ ਏਕੜ ਜ਼ਮੀਨ ਹੈ, ਉਹ ਵੀ ਹੁਣ ਆੜ੍ਹਤੀਆਂ ਕੋਲ ਗਹਿਣੇ ਪਈ ਹੈ। ਮੰਜੂ ਰਾਣੀ ਬਹੁਤ ਛੋਟੀ ਸੀ ਜਦੋਂ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ। ਮੰਜੂ ਰਾਣੀ ਇਸ ਵੇਲੇ ਸਵੈ-ਸੁਰੱਖਿਆ ਬਲ ਨੇਪਾਲ ਬਾਰਡਰ ‘ਤੇ ਦੇਸ਼ ਦੀ ਸੇਵਾ ਕਰ ਰਹੀ ਹੈ। ਮੰਜੂ ਰਾਣੀ ਦਾ ਟੀਚਾ ਹੈ ਕਿ ਉਹ ਓਲੰਪਿਕ ਖੇਡਾਂ ‘ਚ ਵੀ ਕੋਈ ਮੈਡਲ ਜਿੱਤ ਕੇ ਲਿਆਵੇ ਅਤੇ ਆਪਣੇ ਸਿਰ ਚੜ੍ਹਿਆ ਕਰਜ਼ਾ ਲਾਹ ਕੇ ਪਿਤਾ ਦੀ ਗਹਿਣੇ ਪਈ ਤਿੰਨ ਏਕੜ ਜ਼ਮੀਨ ਵੀ ਛੁਡਵਾ ਲਵੇ। ਉਸ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਸਰਕਾਰ ਪਾਸੋਂ ਕੁਝ ਵੀ ਨਹੀਂ ਮੰਗਦੀ ਪਰ ਉਸ ਦੀ ਖੇਡ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਸਰਕਾਰਾਂ ਨੂੰ ਉਸ ਦੀ ਆਰਥਿਕ ਮਦਦ ਵੀ ਕਰਨੀ ਚਾਹੀਦੀ ਹੈ।