ਭਾਰਤੀ ਹਾਕੀ ਟੀਮ ‘ਚ ਖੇਡਦੇ ਪੰਜਾਬ ਦੇ ਖਿਡਾਰੀਆਂ ਨੂੰ ਸਾਲ ਪਹਿਲਾਂ ਓਲੰਪਿਕਸ ‘ਚ ਕਾਂਸੀ ਦਾ ਤਗ਼ਮਾ ਜਿੱਤਣ ਬਾਅਦ ਪੰਜਾਬ ਸਰਕਾਰ ਨੇ ਨੌਕਰੀਆਂ ਦੇਣ ਦੇ ਆਫ਼ਰ ਲੈਟਰ ਦਿੱਤੇ ਸੀ। ਪੰਜਾਬ ‘ਚ ਹਾਕੀ ਟੀਮ ਦੀ ਜਿੱਤ ਦੇ ਜ਼ਸ਼ਨ ਵੀ ਖੂਬ ਮਨਾਏ ਗਏ ਸਨ। ਇਨ੍ਹਾਂ ਖਿਡਾਰੀਆਂ ਦਾ ਸੂਬਾ ਵਾਸੀਆਂ ਨੇ ਸਵਾਗਤ ਵੀ ਬਹੁਤ ਠਾਠ ਨਾਲ ਕੀਤਾ ਸੀ ਪਰ ਟੋਕੀਓ ‘ਚ ਤਗ਼ਮਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਦੇ ਪੱਲੇ ਅਜੇ ਤੱਕ ਨਿਰਾਸ਼ਾ ਹੀ ਪਈ ਹੈ। ਜਲੰਧਰ ਦੇ ਪੰਜਾਬ ਪ੍ਰੈੱਸ ਕਲੱਬ ‘ਚ ਇਨ੍ਹਾਂ ਖਿਡਾਰੀਆਂ ਵਰੁਣ ਕੁਮਾਰ, ਹਾਰਦਿਕ ਸਿੰਘ ਰਾਏ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਤੇ ਸਿਮਰਨਜੀਤ ਸਿੰਘ ਨੇ ਕਿਹਾ ਕਿ ਹਾਕੀ ਦੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕਸ ‘ਚ ਕਾਂਸੀ ਦਾ ਤਗ਼ਮਾ ਜਿੱਤ ਕੇ ਲਿਆਂਦਾ ਸੀ ਤੇ ਹੁਣ ਕਾਮਨਵੈਲਥ ਖੇਡਾਂ ‘ਚ ਹਾਕੀ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਦੋ ਵੱਡੇ ਕੌਮਾਂਤਰੀ ਮੁਕਾਬਲਿਆਂ ‘ਚ ਖਿਡਾਰੀਆਂ ਨੇ ਜਿੱਤਾਂ ਪ੍ਰਾਪਤ ਕਰਕੇ ਦੇਸ਼ ਤੇ ਪੰਜਾਬ ਦਾ ਨਾਂ ਉੱਚਾ ਕੀਤਾ ਹੈ। ਵਰੁਣ ਕੁਮਾਰ ਨੇ ਦੱਸਿਆ ਕਿ ਟੋਕੀਓ ‘ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਤਤਕਾਲੀ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਪੀ.ਸੀ.ਐੱਸ. ਤੇ ਪੰਜਾਬ ਪੁਲੀਸ ‘ਚ ਨੌਕਰੀਆਂ ਦੇਣ ਦੇ ਆਫ਼ਰ ਲੈਟਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਸਾਲ ਬੀਤ ਗਿਆ ਹੈ ਪਰ ਅਜੇ ਤੱਕ ਸਰਕਾਰ ਨੇ ਸੂਬੇ ਦੇ ਖਿਡਾਰੀਆਂ ਨੂੰ ਕੋਈ ਨੌਕਰੀ ਨਹੀਂ ਦਿੱਤੀ ਜਦਕਿ ਦੂਜੇ ਸੂਬਿਆਂ ਉੜੀਸਾ, ਮਨੀਪੁਰ ਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਨੇ ਦੋ ਮਹੀਨੇ ਬਾਅਦ ਹੀ ਓਲੰਪਿਕਸ ਖੇਡਣ ਵਾਲੇ ਆਪਣੇ ਖਿਡਾਰੀਆਂ ਨੂੰ ਨੌਕਰੀਆਂ ਦੇ ਦਿੱਤੀਆਂ ਸਨ। ਵਰੁਣ ਕੁਮਾਰ ਨੇ ਦੱਸਿਆ ਕਿ ਉਸ ਨੂੰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਡੀ.ਐੱਸ.ਪੀ. ਰੱਖਣ ਦੀ ਪੇਸ਼ਕਸ਼ ਹੋਈ ਸੀ ਤੇ ਉਨ੍ਹਾਂ ਨੇ ਨਕਦ ਇਨਾਮ ਵੀ ਦਿੱਤਾ ਸੀ ਪਰ ਉਸ ਦੀ ਇੱਛਾ ਹੈ ਕਿ ਉਹ ਪੰਜਾਬ ਵਿੱਚ ਹੀ ਨੌਕਰੀ ਕਰੇ। ਉਨ੍ਹਾਂ ਕਿਹਾ ਕਿ ਦਿੱਤੇ ਗਏ ਆਫ਼ਰ ਲੈਟਰਾਂ ਅਨੁਸਾਰ ਪੰਜ ਸਾਲ ਦਾ ਸਮਾਂ ਦਿੱਤਾ ਗਿਆ ਹੈ ਜਿਸ ਵਿੱਚੋਂ ਸਾਲ ਬੀਤ ਗਿਆ। ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਦੂਜੇ ਸੂਬੇ ਦੇ ਖਿਡਾਰੀ ਉਨ੍ਹਾਂ ਨੂੰ ਕਹਿੰਦੇ ਸਨ ਕਿ ਪੰਜਾਬ ਸਰਕਾਰ ਤੁਹਾਨੂੰ ਸਭ ਤੋਂ ਪਹਿਲਾਂ ਨੌਕਰੀਆਂ ਦੇਵੇਗੀ ਪਰ ਹੋਇਆ ਇਸ ਤੋਂ ਬਿਲਕੁਟ ਉਲਟ। ਇਨ੍ਹਾਂ ਖਿਡਾਰੀਆਂ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੋਈ ਸੀ ਤਾਂ ਉਨ੍ਹਾਂ ਜਲਦੀ ਨੌਕਰੀਆਂ ਦੇਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਖਿਡਾਰੀ ਇੰਡੀਅਨ ਆਇਲ, ਪੀ.ਐੱਨ.ਬੀ. ਤੇ ਹੋਰ ਅਦਾਰਿਆਂ ‘ਚ ਨੌਕਰੀਆਂ ਤਾਂ ਕਰ ਰਹੇ ਹਨ ਪਰ ਇਹ ਸਾਰੇ ਪੰਜਾਬ ਤੋਂ ਬਾਹਰ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਵੀ ਤਰੱਕੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਅਜੇ ਤੱਕ ਉਸ ਨਾਲ ਵੀ ਵਾਅਦਾ ਵਫ਼ਾ ਨਹੀਂ ਹੋਇਆ ਹੈ।