ਓਡੀਸ਼ਾ ਦੇ ਲੋਕਾਂ ਨੇ ਉਦਘਾਟਨੀ ਸਮਾਰੋਹ ਵਿੱਚ ‘ਹਾਕੀ ਹੈ ਦਿਲ ਮੇਰਾ’ ਦੀ ਧੁਨ ‘ਤੇ ਨੱਚਦੇ ਹੋਏ ਐੱਫ.ਆਈ.ਐੱ. ਪੁਰਸ਼ ਹਾਕੀ ਵਰਲਡ ਕੱਪ 2023 ਭੁਵਨੇਸ਼ਵਰ-ਰਾਓਰਕੇਲਾ ਦਾ ਆਗਾਜ਼ ਕੀਤਾ। ਬਾਰਾਬਾਤੀ ਸਟੇਡੀਅਮ ‘ਚ ਆਯੋਜਿਤ ਰੰਗਾਰੰਗ ਪ੍ਰੋਗਰਾਮ ‘ਚ ਮੇਜ਼ਬਾਨ ਰਾਜ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਕੌਮਾਂਤਰੀ ਹਾਕੀ ਮਹਾਸੰਘ ਦੇ ਮੁਖੀ ਤੈਯਬ ਇਕਰਾਮ ਤੇ ਹਾਕੀ ਇੰਡੀਆ ਦੇ ਮੁਖੀ ਦਿਲੀਪ ਟਿਰਕੀ ਹਾਜ਼ਰ ਰਹੇ। ਪੁਰਸ਼ ਹਾਕੀ ਦੇ ਸਭ ਤੋਂ ਵੱਡੇ ਮੰਚ ਦੇ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਗੁਰੂ ਅਰੁਣਾ ਮੋਹੰਤੀ ਦੀ ਅਗਵਾਈ ‘ਚ ਸ਼ਾਨਦਾਰ ਪ੍ਰੋਗਰਾਮ ਦੇ ਨਾਲ ਹੋਈ। ਇਸ ਦੌਰਾਨ ਪ੍ਰਿੰਸ ਡਾਂਸ ਗਰੁੱਪ ਨੇ ਵੀ ਆਪਣੀ ਪੇਸ਼ਕਾਰੀ ਨਾਲ ਸਾਰਿਆਂ ਨੂੰ ਮੰਤਰਮੁਗਧ ਕੀਤਾ। ਪ੍ਰੋਗਰਾਮ ‘ਚ ਫਿਲਮ ਅਭਿਨੇਤਰੀ ਦਿਸ਼ਾ ਪਾਟਨੀ ਤੇ ਕਈ ਸੰਸਕ੍ਰਿਤਿਕ ਡਾਂਸਰਾਂ ਨੇ ਭਾਰਤੀ ਸੰਸਕ੍ਰਿਤੀ ਦਾ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਸੰਗੀਤਕਾਰ ਪ੍ਰੀਤਮ ਨੇ ਗਾਇਕ ਬੇਨੀ ਦਿਆਲ, ਨੀਤੀ ਮੋਹਨ, ਸਮ੍ਰਿਤੀ ਮਿਸ਼ਰਾ ਤੇ ਰਿਤੂਰਾਜ ਮੋਹੰਤੀ ਦੇ ਨਾਲ ਮਿਲ ਕੇ ਆਪਣਾ ਗੀਤ ‘ਹਾਕੀ ਹੈ ਦਿਲ ਮੇਰਾ’ ਗਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੀਤਮ ਦਾ ਇਹ ਗੀਤ ਪੁਰਸ਼ ਹਾਕੀ ਵਰਲਡ ਕੱਪ 2023 ਦਾ ‘ਥੀਮ ਸੌਂਗ’ ਹੈ। ਮੁੱਖ ਮੰਤਰੀ ਪਟਨਾਇਕ ਨੇ ਥੀਮ ਸੌਂਗ ਤੇ ਸ਼ੁਭੰਮਕਰ ‘ਓਲੀ’ ਦੇ ਪੇਸ਼ ਹੋਣ ਤੋਂ ਬਾਅਦ ਐੱਫ.ਆਈ.ਐੱਚ. ਪੁਰਸ਼ ਹਾਕੀ ਵਰਲਡ ਕੱਪ ਦੇ ਓਡੀਸ਼ਾ ਪਰਤਣ ‘ਤੇ ਖੁਸ਼ੀ ਜ਼ਾਹਿਰ ਕੀਤੀ ਤੇ ਟੂਰਨਾਮੈਂਟ ਨੂੰ ਅਧਿਕਾਰਤ ਤੌਰ ‘ਤੇ ਸ਼ੁਰੂ ਕੀਤਾ। ਇਸ ਤੋਂ ਬਾਅਦ ਕੋਰੀਆਈ ਬੈਂਡ ‘ਬਲੈਕ ਸਵਾਨ’ ਪ੍ਰੋਗਰਾਮ ‘ਚ ਮੌਜੂਦ ਨੌਜਵਾਨਾਂ ਦਾ ਇੰਤਜ਼ਾਰ ਖਤਮ ਕਰਦੇ ਹੋਏ ਮੰਚ ‘ਤੇ ਹਾਜ਼ਰ ਹੋਇਆ। ਬਲੈਕ ਸਵਾਨ ਨੇ ਆਪਣੀ ਪੇਸ਼ਕਾਰੀ ਨਾਲ ਕਟਕ ਨੂੰ ਕੁਝ-ਕੁਝ ਸਿਓਲ ਦੇ ਰੰਗ ‘ਚ ਰੰਗ ਦਿੱਤਾ। ਊਰਜਾ ਨਾਲ ਭਰਪੂਰ ਫਿਲਮ ਅਭਿਨੇਤਾ ਰਣਵੀਰ ਸਿੰਘ ਨੇ ਆਪਣੇ ਅੰਦਾਜ਼ ‘ਚ ਹਿੰਦੋਸਤਾਨ ਨੂੰ ‘ਅਸਲੀ ਹਾਕੀ ਨਾਲ ਮਿਲਾਇਆ।’ ਉਸ ਨੇ ਆਪਣੇ ਗੀਤਾਂ ਤੇ ਡਾਂਸ ਨਾਲ ਸਾਰਿਆਂ ਨੂੰ ਮੰਤਰਮੁਗਧ ਕਰਦੇ ਹੋਏ ਉਦਘਾਟਨੀ ਸਮਾਰੋਹ ਦੀ ਸ਼ਾਮ ਦੀ ਸਮਾਪਤੀ ਕੀਤੀ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਦਰਸ਼ਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਾਕੀ ਵਰਲਡ ਕੱਪ ਦੀ ਮੇਜ਼ਬਾਨੀ ਕਰਨ ਦਾ ਇਹ ਸ਼ਾਨਦਾਰ ਪਲ ਹੈ ਤੇ ਹਰ ਭਾਰਤੀ ਇਸ ਨੂੰ ਦੇਖਣ ਲਈ ਉਤਸ਼ਾਹਿਤ ਹੈ।