ਹਿਊਸਟਨ ‘ਚ ਭਾਰਤੀ ਵਣਜ ਦੂਤਘਰ ਸ਼ਨੀਵਾਰ ਨੂੰ ਟੈਕਸਾਸ ਦੇ ਮਾਲ ‘ਚ ਹੋਈ ਫਾਇਰਿੰਗ ‘ਚ ਜਾਨ ਗੁਆਉਣ ਵਾਲੀ ਭਾਰਤੀ ਇੰਜੀਨੀਅਰ ਐਸ਼ਵਰਿਆ ਟੀ. ਦੀ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਸੌਂਪਣ ਲਈ ਕਾਗਜ਼ੀ ਕਾਰਵਾਈ ਪੂਰੀ ਕਰਨ ‘ਚ ਰਿਸ਼ਤੇਦਾਰਾਂ ਦੀ ਮਦਦ ਕਰ ਰਿਹਾ ਹੈ। ਨਾਲ ਹੀ ਦੂਤਘਰ ਨੇ ਇਹ ਵੀ ਪੁਸ਼ਟੀ ਕੀਤੀ ਕਿ ਇਸ ਦੁਖ਼ਦ ਘਟਨਾ ‘ਚ ਦੋ ਭਾਰਤੀ ਜ਼ਖ਼ਮੀ ਵੀ ਹੋਏ ਹਨ। ਮੈਕਕਿਨੀ ਨਿਵਾਸੀ ਐਸ਼ਵਰਿਆ (26) ਆਪਣੇ ਇਕ ਦੋਸਤ ਨਾਲ ਮਾਲ ‘ਚ ਖ਼ਰੀਦਦਾਰੀ ਕਰ ਰਹੀ ਸੀ ਜਦੋਂ ਡਲਾਸ ‘ਚ ਏਲੇਨ ਆਊਟਲੇਟਸ ‘ਚ ਬੰਦੂਕਧਾਰੀ ਮੌਰੀਸਿਓ ਗਾਰਸੀਆ ਨੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ। ਗੋਲੀਬਾਰੀ ਸ਼ਨੀਵਾਰ ਦੁਪਹਿਰ ਕਰੀਬ 3:30 ਵਜੇ ਹੋਈ ਅਤੇ ਉਸ ਸਮੇਂ ਮਾਲ ਦੇ ਬਾਹਰੀ ਹਿੱਸੇ ‘ਚ ਖਰੀਦਦਾਰਾਂ ਦੀ ਭੀੜ ਜਮ੍ਹਾ ਹੋ ਗਈ ਸੀ। ਗੋਲੀਬਾਰੀ ‘ਚ ਘੱਟੋ-ਘੱਟ 8 ਲੋਕ ਮਾਰੇ ਗਏ ਸਨ ਅਤੇ ਹਮਲਾਵਰ ਮੌਰੀਸਿਓ ਗਾਰਸੀਆ (33) ਵੀ ਪੁਲੀਸ ਹੱਥੋਂ ਮਾਰਿਆ ਗਿਆ ਸੀ। ਇੰਡੀਆ ਦੇ ਤੇਲੰਗਾਨਾ ਸੂਬੇ ‘ਚ ਰਾਂਗਾ ਰੈੱਡੀ ਜ਼ਿਲ੍ਹਾ ਅਦਾਲਤ ‘ਚ ਜ਼ਿਲ੍ਹਾ ਜੱਜ ਦੀ ਧੀ ਐਸ਼ਵਰਿਆ ਪਰਫੈਕਟ ਜਨਰਲ ਕੰਟਰੈਕਟਰਜ਼ ਐੱਲ.ਐੱਲ.ਸੀ. ‘ਚ ਪ੍ਰੋਜੈਕਟ ਮੈਨੇਜਰ ਸੀ। ਹਿਊਸਟਨ ‘ਚ ਭਾਰਤੀ ਵਣਜ ਦੂਤਘਰ ਐਸ਼ਵਰਿਆ ਦੇ ਅਤੇ ਗੋਲੀਬਾਰੀ ‘ਚ ਜ਼ਖ਼ਮੀ ਦੋ ਹੋਰ ਭਾਰਤੀਆਂ ਦੇ ਪਰਿਵਾਰਾਂ ਦੇ ਸੰਪਰਕ ‘ਚ ਹੈ। ਤੇਲਗੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਦੇ ਨੇਤਾ ਅਸ਼ੋਕ ਕੋਲਾ ਮ੍ਰਿਤਕ ਐਸ਼ਵਰਿਆ ਦੀ ਲਾਸ਼ ਨੂੰ ਇੰਡੀਆ ਭੇਜਣ ਲਈ ਚਾਰਾਜੋਈ ਕਰ ਰਹੇ ਹਨ।