‘ਸਾਥੋਂ ਬਾਬਾ ਖ਼ੋਹ ਲਿਆ ਤੇਰਾ ਨਨਕਾਣਾ’, ‘ਤਲਵਾਰ ਮੈਂ ਕਲਗੀਧਰ ਦੀ ਹਾਂ’ ਅਤੇ ‘ਐਵੇਂ ਨਾਂ ਜਿੰਦੇ ਮਾਣ ਕਰੀਂ’ ਅਤੇ ਹੋਰ ਅਨੇਕਾਂ ਹੀ ਹਿੱਟ ਗੀਤਾਂ ਦੇ ਰਚੇਤਾ ਸਵਰਨ ਸਿਵੀਆ ਸਾਡੇ ‘ਚ ਨਹੀਂ ਰਹੇ। ਕਰਨੈਲ ਸਿਵੀਆ ਦੇ ਦੱਸਣ ਅਨੁਸਾਰ ਸਵਰਨ ਸਿਵੀਆ ਹੁਣ ਪਿੰਡ ਹੀ ਰਹਿੰਦਾ ਸੀ। ਕੱਲ੍ਹ ਸ਼ਾਮ ਸੈਰ ਕਰਦੇ ਸਮੇਂ ਹਾਰਟ ਅਟੈਕ ਕਾਰਨ ਉਨ੍ਹਾਂ ਦਾ ਸੁਰਗਵਾਸ ਹੋ ਗਿਆ। ਉਸਦੇ ਬੇਟੇ ਦੇ ਇੰਗਲੈਂਡ ਤੋਂ ਪਰਤਣ ਤੇ ਬੁੱਧਵਾਰ ਨੂੰ ਪਿੰਡ ਉੱਪਲਾਂ ਕੋਹਾੜਾ ਮਾਛੀਵਾੜਾ ਰੋਡ ‘ਤੇ ਸਸਕਾਰ ਕੀਤਾ ਜਾਵੇਗਾ। ਉਹ ਇਕ ਬਹੁਤ ਵੱਡੇ ਸੁਝਵਾਨ ਬੁਧੀਜੀਵੀ ਵਿਦਵਾਨ ਸ਼ਖ਼ਸੀਅਤ ਸਨ। ਲੰਮਾਂ ਸਮਾਂ ਲੁਧਿਆਣਾ ਦੇ ਸੈਸ਼ਨ ਜੱਜ ਸਾਹਿਬ ਦੇ ਨਾਲ ਸਟੈਨੋ ਤੌਰ ‘ਤੇ ਆਪਣੀ ਸੱਚੀ ਸੁੱਚੀ ਕਿਰਤ ਕਰਕੇ ਲੋਕਾਈ ਲਈ ਭਲਾਈ ਦੇ ਕੰਮ ਕੀਤੇ ਹਨ। ਪੰਜਾਬੀ ਸੰਗੀਤ ਜਗਤ ‘ਚ ਕਈ ਸੀਨੀਅਰ ਅਤੇ ਸਿਰਮੌਰ ਗਾਇਕਾ ਅਤੇ ਗਾਇਕਾਵਾਂ ਨੂੰ ਵਡੇਰਾ ਸਹਿਯੋਗ ਦੇ ਕੇ ਵਡੇਰੀ ਮਕਬੂਲੀਅਤ ਦਾ ਰਾਹ ਦਸੇਰਾ ਬਣੇ ਹਨ। ਇਸ ਤੋਂ ਵੀ ਅੱਗੇ ਹਮੇਸ਼ਾ ਸਭ ਨੂੰ ਸਹੀ ਸਲਾਹ ਮਸ਼ਵਰਾ ਅਤੇ ਸਾਰਿਆਂ ਦੇ ਸ਼ੁਭ ਚਿੰਤਕ ਸਨ। ਪੰਜਾਬੀ ਸੰਗੀਤ ਜਗਤ ਦੀ ਮਹਰੂਮ ਗਾਇਕ ਜੋੜੀ ਸਤਿਕਾਰਯੋਗ ਅਮਰਜੋਤ ਚਮਕੀਲਾ ਦੇ ਵੱਧ ਨਜ਼ਦੀਕੀ ਸਨ। ਉਨ੍ਹਾਂ ਵਲੋਂ ਗਾਇਆ ਗੀਤ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਸਵਰਨ ਸਿਵੀਆ ਦੀ ਕਲਮ ਤੋਂ ਜਨਮਿਆ ਸੀ। ਸੀਵੀਆ ਦੇ ਵਿਛੋੜੇ ਦੀ ਖ਼ਬਰ ਸੋਸ਼ਲ ਮੀਡੀਏ ‘ਤੇ ਅੱਗ ਵਾਂਗ ਵਾਇਰਲ ਹੋ ਗਈ। ਸਵਰਨ ਸਿਵੀਆ ਸੇਵਾਮੁਕਤ ਹੋ ਕੇ ਪੰਜਾਬੀ ਸੰਗੀਤ ਜਗਤ ਲਈ ਸਮਰਪਿਤ ਹੋ ਗਏ ਸਨ। ਉਨ੍ਹਾਂ ਅਜੇ ਬਹੁਤ ਕੁਝ ਨਵਾਂ ਕਰਨਾ ਸੀ ਅਤੇ ਨਵਾਂ ਕਰਨ ਦੀ ਸਮਰੱਥਾ ਵੀ ਰੱਖਦੇ ਸਨ। ਪਰ ਅਚਨਚੇਤ ਦਿਲ ਦਾ ਦੌਰਾ ਪੈਣ ਕਰਕੇ ਉਹ ਆਪਣੇ ਪਰਿਵਾਰ ਨੂੰ ਅਤੇ ਸੰਗੀਤ ਜਗਤ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਰੁਖ਼ਸਤ ਹੋ ਗਏ ਹਨ।