ਮੁਹਾਲੀ ਪੁਲੀਸ ਨੇ ਐਂਬੂਲੈਂਸ ਰਾਹੀਂ ਨਸ਼ਾ ਤਸਕਰੀ ਕਰਨ ਵਾਲੇ ਗਰੋਹ ਦਾ ਭਾਂਡਾ ਭੰਨਿਆ ਹੈ ਅਤੇ ਇਸ ਦੋਸ਼ ’ਚ ਗਰੋਹ ਦੇ ਤਿੰਨ ਮੈਂਬਰਾਂ ਨੂੰ 8 ਕਿੱਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਵੀ ਸ੍ਰੀਵਾਸਤਵ ਹਾਲ ਵਾਸੀ ਚੰਡੀਗਡ਼੍ਹ, ਹਰਿੰਦਰ ਸ਼ਰਮਾ ਵਾਸੀ ਪਿੰਡ ਨਵਾਂ ਗਰਾਓਂ ਤੇ ਅੰਕੁਸ਼ ਕੁਮਾਰ ਵਾਸੀ ਪਿੰਡ ਖੁੱਡਾ ਅਲੀਸ਼ੇਰ ਚੰਡੀਗਡ਼੍ਹ ਵਜੋਂ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਦੱਪਰ ਟੌਲ ਪਲਾਜ਼ਾ ਨੇਡ਼ੇ ਨਾਕੇ ਦੌਰਾਨ ਅੰਬਾਲਾ ਵਾਲੇ ਪਾਸਿਓਂ ਆ ਰਹੀ ਇਕ ਐਂਬੂਲੈਂਸ ਦੀ ਰੋਕ ਕੇ ਚੈਕਿੰਗ ਕੀਤੀ ਤਾਂ ਉਸ ’ਚ ਇਕ ਵਿਅਕਤੀ ਮਰੀਜ਼ ਵਾਂਗ ਲੰਮਾ ਪਿਆ ਸੀ ਤੇ ਦੂਜਾ ਵਿਅਕਤੀ ਨਾਲ ਬੈਠਾ ਸੀ। ਦੋਵਾਂ ਤੋਂ ਇਲਾਵਾ ਇਕ ਡਰਾਈਵਰ ਸੀਟ ’ਤੇ ਬੈਠਾ ਸੀ। ਉਨ੍ਹਾਂ ਦੱਸਿਆ ਕਿ ਐਂਬੂਲੈਂਸ ’ਚ ਨਾ ਹੀ ਮੈਡੀਕਲ ਕਿੱਟ ਸੀ ਤੇ ਨਾ ਹੀ ਮੈਡੀਕਲ ਟੀਮ ਦਾ ਕੋਈ ਮੈਂਬਰ ਮੌਜੂਦ ਸੀ। ਪੁਲੀਸ ਨੇ ਸ਼ੱਕ ਪੈਣ ’ਤੇ ਜਦੋਂ ਐਂਬੂਲੈਂਸ ’ਚ ਮਰੀਜ਼ ਬਣ ਕੇ ਲੰਮੇ ਪਏ ਵਿਅਕਤੀ ਦੀ ਜਾਂਚ ਕੀਤੀ ਤਾਂ ਉਸ ਦੇ ਸਿਰ ਹੇਠ ਪਏ ਸਿਰਹਾਣੇ ਕੋਲੋਂ 8 ਕਿੱਲੋ ਅਫੀਮ ਬਰਾਮਦ ਹੋਈ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਚਾਲਕ ਸਮੇਤ ਤਿੰਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਲਾਲਡ਼ੂ ਥਾਣੇ ’ਚ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤੀ ਜਾ ਰਹੀ ਐਂਬੂਲੈਂਸ ਵੀ ਕਬਜ਼ੇ ’ਚ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ-ਪਡ਼ਤਾਲ ’ਚ ਇਹ ਗੱਲ ਸਾਹਮਣੇ ਆਈ ਕਿ ਉਕਤ ਮੁਲਜ਼ਮ ਹੁਣ ਤੱਕ 10 ਤੋਂ 12 ਵਾਰ ਐਂਬੂਲੈਂਸ ਦੀ ਵਰਤੋਂ ਕਰਕੇ ਪ੍ਰਤੀ ਗੇਡ਼ਾ 8 ਤੋਂ 10 ਕਿੱਲੋ ਅਫੀਮ ਦੀ ਤਸਕਰੀ ਕਰ ਚੁੱਕੇ ਹਨ।