ਬ੍ਰਿਟਿਸ਼ ਕੋਲੰਬੀਆ ਦੇ ਸਰੀ ਨੇਡ਼ਲੇ ਪੰਜਾਬੀਆਂ ਦੀ ਬਹੁਗਿਣਤੀ ਵਾਲੇ ਸ਼ਹਿਰ ਐਬਟਸਫੋਰਡ ਵਿਖੇ ਵੀਰਵਾਰ ਸ਼ਾਮ ਪੌਣੇ ਪੰਜ ਹੋਏ ਪਰਿਵਾਰਕ ਝਗਡ਼ੇ ਦੇ ਭਿਆਨਕ ਸਿੱਟੇ ਨਿਕਲੇ ਹਨ। ਝਗਡ਼ਾ ਏਨਾ ਵਧ ਗਿਆ ਕਿ ਇਸ ਦੌਰਾਨ ਹੋਏ ਹਾਦਸੇ ’ਚ 45 ਸਾਲਾ ਕਮਲਜੀਤ ਕੌਰ ਸੰਧੂ ਦੀ ਮੌਤ ਹੋ ਗਈ। ਇਸ ਦੋਸ਼ ’ਚ ਪੁਲੀਸ ਨੇ ਉਸ ਦੇ 48 ਸਾਲਾ ਪਤੀ ਇੰਦਰਜੀਤ ਸਿੰਘ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਦਰਜੀਤ ਸਿੱਧੂ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲੀਸ ਟੀਮ ਜਦੋਂ 2900-ਬਲਾਕ ਈਸਟਵਿਊ ਸਟਰੀਟ ਵਿਖੇ ਰਿਹਾਇਸ਼ ’ਤੇ ਪਹੁੰਚੀ ਤਾਂ ਉਸ ਸਮੇਂ ਕਮਲਜੀਤ ਕੌਰ ਸੰਧੂ ਗੰਭੀਰ ਹਾਲਤ ’ਚ ਜ਼ਖਮੀ ਸੀ। ਪੈਰਾਮੈਡੀਕਲ ਟੀਮ ਨੇ ਜ਼ਖਮੀ ਕਮਲਜੀਤ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਂਚ ਟੀਮ ਵੱਲੋਂ ਸਥਾਨਕ ਪੁਲੀਸ ਨਾਲ ਕੀਤੀ ਜਾਂਚ ਤੋਂ ਬਾਅਦ ਮ੍ਰਿਤਕ ਦੇ ਪਤੀ ਇੰਦਰਜੀਤ ਸੰਧੂ ਉਪਰ ਕਤਲ ਦੇ ਪਹਿਲੇ ਦਰਜੇ ਦੇ ਦੋਸ਼ ਲਗਾਏ ਗਏ ਹਨ। ਸਿੱਧੂ ਜੋਡ਼ੇ ਦੇ 21 ਅਤੇ 16 ਸਾਲ ਦੇ ਬੱਚੇ ਵੀ ਹਨ ਜੋ ਇਸ ਸਮੇਂ ਰਿਸ਼ਤੇਦਾਰਾਂ ਕੋਲ ਹਨ।