ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਰਹੇ ਅਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਵਿਵਾਦਾਂ ‘ਚ ਘਿਰਨ ਅਤੇ ਚੰਡੀਗੜ੍ਹ ‘ਚ ਐੱਫ.ਆਈ.ਆਰ. ਦਰਜ ਹੋਣ ਮਗਰੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਸਤੀਫਾ ਸੌਂਪ ਦਿੱਤਾ ਹੈ। ਸੰਦੀਪ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਅਸਤੀਫਾ ਨਹੀਂ ਦੇ ਰਿਹਾ। ਜਾਂਚ ਰਿਪੋਰਟ ਆਉਣ ਤਕ ਮੈਂ ਆਪਣਾ ਵਿਭਾਗ ਮੁੱਖ ਮੰਤਰੀ ਨੂੰ ਸੌਂਪ ਦਿੱਤਾ ਹੈ। ਇਕ ਜੂਨੀਅਰ ਮਹਿਲਾ ਕੋਚ ਨੇ ਸੰਦੀਪ ਸਿੰਘ ‘ਤੇ ਗੰਭੀਰ ਦੋਸ਼ ਲਗਾਏ ਸਨ। ਮਹਿਲਾ ਕੋਚ ਦਾ ਕਹਿਣਾ ਹੈ ਕਿ ਮੰਤਰੀ ਨੇ ਉਸ ਨੂੰ ਆਪਣੀ ਕੋਠੀ ‘ਚ ਬੁਲਾ ਕੇ ਉਸ ਨਾਲ ਛੇੜਛਾੜ ਕੀਤੀ। ਪੁਲੀਸ ਪਹਿਲਾਂ ਹੀ ਐੱਫ.ਆਈ.ਆਰ. ਦਰਜ ਕਰ ਚੁੱਕੀ ਹੈ। ਖੇਡ ਮੰਤਰੀ ਖ਼ਿਲਾਫ਼ ਧਾਰਾ 354, 354ਏ, 354ਬੀ, 342, 506 ਤਹਿਤ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਸੰਦੀਪ ਸਿੰਘ ਮੁਤਾਬਕ ਉਸਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਲਗਾਏ ਗਏ ਝੂਠੇ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਹੋਵੇਗੀ। ਉਸ ਨੇ ਕਿਹਾ ਕਿ ਜਾਂਚ ਰਿਪੋਰਟ ਆਉਣ ਤੱਕ ਖੇਡ ਵਿਭਾਗ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਨੂੰ ਸੌਂਪਦਾ ਹਾਂ। ਕੁਝ ਦਿਨ ਪਹਿਲਾਂ ਹਰਿਆਣਾ ਦੀ ਇਕ ਮਹਿਲਾ ਅਥਲੈਟਿਕਸ ਕੋਚ ਨੇ ਖੇਡ ਰਾਜ ਮੰਤਰੀ ਸੰਦੀਪ ਸਿੰਘ ‘ਤੇ ਛੇੜਛਾੜ ਦੇ ਗੰਭੀਰ ਦੋਸ਼ ਲਾਏ ਹਨ। ਉਸ ਨੇ ਖੇਡ ਮੰਤਰੀ ‘ਤੇ ਟੀ-ਸ਼ਰਟ ਪਾੜਨ ਅਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਵਿਰੋਧ ਕਰਨ ‘ਤੇ ਮੰਤਰੀ ਨੇ ਉਸ ਦਾ ਤਬਾਦਲਾ ਕਰਨ ਦੀ ਧਮਕੀ ਦਿੱਤੀ ਅਤੇ ਹੁਣ ਉਸ ਦਾ ਤਬਾਦਲਾ ਝੱਜਰ ਕਰ ਦਿੱਤਾ ਗਿਆ ਹੈ ਜਿੱਥੇ 100 ਮੀਟਰ ਦਾ ਖੇਡ ਮੈਦਾਨ ਵੀ ਨਹੀਂ ਹੈ। ਔਰਤ ਨੇ ਕਿਹਾ ਕਿ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਖੇਡ ਮੰਤਰੀ ਨੇ ਮਹਿਲਾ ਕੋਚ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ।