ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸਬੰਧਤ ਕੇਸ ’ਚ ਚਾਰਜਸ਼ੀਟ ਦਾਖ਼ਲ ਕਰਦਿਆਂ ਦਾਅਵਾ ਕੀਤਾ ਹੈ ਕਿ ਉਸ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਨੇ ਉਸ ਲਈ ਨਸ਼ੇ ਖ਼ਰੀਦੇ ਸਨ। ਸੁਸ਼ਾਂਤ ਦੀ 2020 ’ਚ ਭੇਤਭਰੀ ਹਾਲਾਤ ’ਚ ਮੌਤ ਹੋ ਗਈ ਸੀ। ਚਾਰਜਸ਼ੀਟ ਰੀਆ ਅਤੇ ਉਸ ਦੇ ਭਰਾ ਸ਼ੋਵਿਕ ਚੱਕਰਵਰਤੀ ਸਮੇਤ 34 ਮੁਲਜ਼ਮਾਂ ਖ਼ਿਲਾਫ਼ ਦਾਖ਼ਲ ਕੀਤੀ ਗਈ ਹੈ। ਚਾਰਜਸ਼ੀਟ ’ਚ ਦਾਅਵਾ ਕੀਤਾ ਗਿਆ ਹੈ ਕਿ ਰੀਆ, ਸੁਸ਼ਾਂਤ ਲਈ ਗਾਂਜਾ ਖ਼ਰੀਦਦੀ ਸੀ। ਸੂਤਰਾਂ ਨੇ ਕਿਹਾ ਕਿ ਰੀਆ ਇਹ ਨਸ਼ਾ ਸੈਮੁਅਲ ਮਿਰਾਂਡਾ, ਸ਼ੋਵਿਕ ਚੱਕਰਵਰਤੀ, ਦੀਪੇਸ਼ ਸਾਵੰਤ ਅਤੇ ਹੋਰਾਂ ਤੋਂ ਖ਼ਰੀਦਦੀ ਸੀ। ਉਹ ਖੁਦ ਹੀ ਪੈਸਿਆਂ ਦੀ ਅਦਾਇਗੀ ਕਰਦੀ ਸੀ ਜਿਸ ਦੇ ਐੱਨ.ਸੀ.ਬੀ. ਕੋਲ ਢੁੱਕਵੇਂ ਸਬੂਤ ਹਨ। ਚਾਰਜਸ਼ੀਟ ’ਚ ਐੱਨ.ਸੀ.ਬੀ. ਨੇ ਇਹ ਵੀ ਦਾਅਵਾ ਕੀਤਾ ਹੈ ਕਿ ਰੀਆ ਚੱਕਰਵਰਤੀ ਅਤੇ ਹੋਰ ਜਣੇ ਬੌਲੀਵੁੱਡ ਤੇ ਹੋਰ ਲੋਕਾਂ ਨੂੰ ਨਸ਼ੇ ਸਪਲਾਈ ਕਰਨ ਵਾਲੇ ਧੰਦੇ ਨਾਲ ਜੁਡ਼ੇ ਹੋਏ ਸਨ। ਐੱਨ.ਸੀ.ਬੀ. ਮੁਤਾਬਕ ਇਹ ਲੋਕ ਗਾਂਜਾ, ਚਰਸ, ਕੋਕੀਨ ਆਦਿ ਨਸ਼ੇ ਵੇਚਣ, ਖ਼ਰੀਦਣ ਤੇ ਅੱਗੇ ਪਹੁੰਚਾਉਣ ਦੀ ਸਾਜ਼ਿਸ਼ ਦਾ ਹਿੱਸਾ ਸਨ।