ਇੰਡੀਆ ’ਚ ਦਵਾਈਆਂ ਦੀ ਕੀਮਤਾਂ ਤੈਅ ਕਰਨ ਵਾਲੀ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨ.ਪੀ.ਪੀ.ਏ.) ਨੇ ਸ਼ੂਗਰ, ਸਿਰ ਦਰਦ ਅਤੇ ਹਾਈਪਰਟੈਨਸ਼ਨ (ਹਾਈ ਬੀਪੀ) ਦੇ ਇਲਾਜ ’ਚ ਵਰਤੀਆਂ ਜਾਣ ਵਾਲੀਆਂ 84 ਦਵਾਈਆਂ ਲਈ ਪ੍ਰਚੂਨ ਕੀਮਤਾਂ ਨਿਰਧਾਰਤ ਕੀਤੀਆਂ ਹਨ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੇ ਐਲੀਵੇਟਿਡ ਕੋਲੇਸਟ੍ਰੋਲ ਅਤੇ ਟ੍ਰਾਈਗਲਾਈਸਰਾਈਡਸ ਦੇ ਪੱਧਰ ਨੂੰ ਘਟਾਉਣ ਲਈ ਫਾਰਮੂਲੇ ਦੀਆਂ ਕੀਮਤਾਂ ਵੀ ਨਿਰਧਾਰਤ ਕੀਤੀਆਂ ਹਨ। ਰੈਗੂਲੇਟਰ ਨੇ ਇਕ ਨੋਟੀਫਿਕੇਸ਼ਨ ’ਚ ਕਿਹਾ ਕਿ ਡਰੱਗਜ਼ (ਕੀਮਤ ਕੰਟਰੋਲ) ਆਰਡਰ 2013 ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐੱਨ.ਪੀ.ਪੀ.ਏ. ਨੇ ਦਵਾਈਆਂ ਦੀਆਂ ਪ੍ਰਚੂਨ ਕੀਮਤਾਂ ਨਿਰਧਾਰਤ ਕੀਤੀਆਂ ਹਨ। ਹੁਕਮਾਂ ਦੇ ਅਨੁਸਾਰ, ਵੋਗਲੀਬੋਜ਼ ਅਤੇ (ਐੱਸ.ਆਰ.) ਮੈਟਫੋਰਮਿਨ ਹਾਈਡ੍ਰੋਕਲੋਰਾਈਡ ਦੀ ਇਕ ਗੋਲੀ ਦੀ ਕੀਮਤ ਜੀ.ਐੱਸ.ਟੀ. ਨੂੰ ਛੱਡ ਕੇ 10.47 ਰੁਪਏ ਹੋਵੇਗੀ। ਇਸੇ ਤਰ੍ਹਾਂ ਪੈਰਾਸੀਟਾਮੋਲ ਅਤੇ ਕੈਫੀਨ ਦੀ ਕੀਮਤ 2.88 ਰੁਪਏ ਪ੍ਰਤੀ ਗੋਲੀ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਇਕ ਰੋਸੁਵਾਸਟੇਟਿਨ ਐਸਪਰੀਨ ਅਤੇ ਕਲੋਪੀਡੋਗਰੇਲ ਕੈਪਸੂਲ ਦੀ ਕੀਮਤ 13.91 ਰੁਪਏ ਰੱਖੀ ਗਈ ਹੈ। ਇਕ ਵੱਖਰੀ ਨੋਟੀਫਿਕੇਸ਼ਨ ’ਚ ਐੱਨ.ਪੀ.ਪੀ.ਏ. ਨੇ ਕਿਹਾ ਹੈ ਕਿ ਉਸਨੇ ਤਰਲ ਮੈਡੀਕਲ ਆਕਸੀਜਨ ਅਤੇ ਆਕਸੀਜਨ ਇਨਹੇਲੇਸ਼ਨ (ਮੈਡੀਸਨਲ ਗੈਸ) ਦੀ ਸੋਧੀ ਹੋਈ ਸੀਲਿੰਗ ਕੀਮਤ ਨੂੰ ਇਸ ਸਾਲ 30 ਸਤੰਬਰ ਤੱਕ ਵਧਾ ਦਿੱਤਾ ਹੈ।