ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਮੰਗਲਵਾਰ ਇਕ ਵਾਰ ਫਿਰ ਹਰਿਆਣਾ ਸਮੇਤ ਕਈ ਸੂਬਿਆਂ ‘ਚ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਪੰਜਾਬ ਅਤੇ ਰਾਜਸਥਾਨ ‘ਚ ਐੱਨ.ਆਈ.ਏ. ਦੀ ਕਾਰਵਾਈ ਚੱਲ ਰਹੀ ਹੈ। ਐੱਨ.ਆਈ.ਏ. ਦਾ ਮਕਸਦ ਗੈਂਗਸਟਰਾਂ ਦੇ ਪਾਕਿਸਤਾਨ ਜਾਂ ਹੋਰ ਦੂਜੇ ਦੇਸ਼ਾਂ ‘ਚ ਬੈਠੇ ਅੱਤਵਾਦੀਆਂ ਨਾਲ ਕੁਨੈਕਸ਼ਨ ਖੰਗਾਲਣ ਦਾ ਹੈ। ਇਸ ਤੋਂ ਪਹਿਲਾਂ ਵੀ ਐੱਨ.ਆਈ.ਏ. ਵੱਲੋਂ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਐੱਨ.ਆਈ.ਏ. ਨੇ ਪਹਿਲਾਂ ਵੀ ਕੀਤੀ ਸੀ ਛਾਪੇਮਾਰੀ। ਕਈ ਨਾਮੀ ਗੈਂਗਸਟਰਾਂ ਖ਼ਿਲਾਫ਼ ਪਿਛਲੇ ਦਿਨੀਂ ਹੀ ਦਿੱਲੀ ਦੀ ਸਪੈਸ਼ਲ ਸੈੱਲ ਨੇ ਗੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਗੈਂਗਸਟਰਾਂ ਦੇ ਪਾਕਿਸਤਾਨ ਕੁਨੈਕਸ਼ਨ ਖੰਗਾਲਣ ਲਈ ਐੱਨ.ਆਈ.ਏ. ਵੱਲੋਂ ਪਹਿਲਾਂ ਵੀ ਕਈ ਥਾਈਂ ਛਾਪੇਮਾਰੀ ਕੀਤੀ ਜਾ ਚੁੱਕੀ ਹੈ। ਦਰਅਸਲ ਕਈ ਮਹੀਨੇ ਪੰਜਾਬ ਪੁਲੀਸ ਦੀ ਕਸਟੱਡੀ ‘ਚ ਰਹਿਣ ਮਗਰੋਂ ਕੁਝ ਦਿਨ ਪਹਿਲਾਂ ਹੀ ਐੱਨ.ਆਈ.ਏ. ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਸੈਂਟਰਲ ਜੇਲ੍ਹ ‘ਚੋਂ 10 ਦਿਨਾਂ ਦੇ ਰਿਮਾਂਡ ‘ਤੇ ਲਿਆ ਹੈ। ਲਾਰੈਂਸ ਬਿਸ਼ਨੋਈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਹੈ। ਉਸ ਤੋਂ ਏਜੰਸੀ ਅੱਤਵਾਦੀ ਸੰਪਰਕ ਹੋਣ ਬਾਰੇ ਪੁੱਛਗਿੱਛ ਕਰ ਰਹੀ ਹੈ। ਗੈਂਗਸਟਰਾਂ ਲਾਰੈਂਸ ਅਤੇ ਗੋਲਡੀ ਬਰਾੜ ਤੋਂ ਇਲਾਵਾ ਕੁਝ ਹੋਰ ਗੈਂਗਸਟਰਾਂ ਦੇ ਪਾਕਿਸਤਾਨ ‘ਚ ਅੱਤਵਾਦੀਆਂ ਨਾਲ ਸੰਪਕਰ ਹੋਣ ਕਾਰਨ ਐੱਨ.ਆਈ.ਏ. ਛਾਪੇਮਾਰੀ ਕਰ ਰਹੀ ਹੈ ਅਤੇ ਰਿਕਾਰਡ ਖੰਗਾਲਣ ‘ਚ ਜੁੱਟੀ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਖੁਫ਼ੀਆ ਏਜੰਸੀਆਂ ਨੇ ਗ੍ਰਹਿ ਮੰਤਰਾਲੇ ਨੂੰ ਇਨਪੁਟ ਦਿੱਤੇ ਹਨ ਕਿ ਕਈ ਗੈਂਗਸਟਰ ਅੱਤਵਾਦੀ ਸੰਗਠਨਾਂ ਦੇ ਸੰਪਰਕ ‘ਚ ਹਨ, ਜਿਨ੍ਹਾਂ ਦਾ ਉਦੇਸ਼ ਅੱਤਵਾਦੀ ਸੰਗਠਨਾਂ ਦੇ ਇਸ਼ਾਰੇ ‘ਤੇ ਟਾਰਗਿਟ ਕਿਲਿੰਗ ਕਰਨਾ ਹੋ ਸਕਦਾ ਹੈ। ਇਸ ਖੁਫ਼ੀਆ ਸੂਚਨਾ ਦੇ ਆਧਾਰ ‘ਤੇ ਐੱਨ.ਆਈ.ਏ. ਨੇ ਗੈਂਗਸਟਰਾਂ ਦੇ ਵਿਦੇਸ਼ੀ ਸਬੰਧਾਂ ਦਾ ਪਤਾ ਲਗਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਗੈਂਗਸਟਰਾਂ ਦੇ ਟਿਕਾਣਿਆਂ ਦੇ ਨਾਲ-ਨਾਲ ਅਜਿਹੇ ਲੋਕਾਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ, ਜੋ ਅੱਤਵਾਦੀ ਸੰਗਠਨਾਂ ਅਤੇ ਗੈਂਗਸਟਰਾਂ ਵਿਚਾਲੇ ਕੜੀ ਹੋ ਸਕਦੇ ਹਨ। ਇਸੇ ਲੜੀ ‘ਚ ਐੱਨ.ਆਈ.ਏ. ਦੀ ਟੀਮ ਨੇ ਦੋਰਾਹਾ ਦੇ ਪਿੰਡ ਰਾਜਗੜ੍ਹ ਵਿਖੇ ਮੰਗਲਵਾਰ ਨੂੰ ਗੈਂਗਸਟਰ ਰਵੀ ਰਾਜਗੜ੍ਹ ਦੇ ਘਰ ਛਾਪੇਮਾਰੀ ਕੀਤੀ। ਰਵੀ ਰਾਜਗੜ੍ਹ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ। ਰਵੀ ਨੂੰ ਸਿੱਧੂ ਮੂਸੇਵਾਲਾ ਕੇਸ ‘ਚ ਵੀ ਲੋੜੀਂਦਾ ਦੱਸਿਆ ਜਾ ਰਿਹਾ ਹੈ। ਅੱਜ ਸਵੇਰੇ ਐੱਨ.ਆਈ.ਏ. ਦੀ ਟੀਮ ਨੇ ਰਵੀ ਦੇ ਘਰ ਛਾਪੇਮਾਰੀ ਕੀਤੀ। ਇਸ ਤੋਂ ਪਹਿਲਾਂ ਸਤੰਬਰ ‘ਚ ਰਵੀ ਦੇ ਘਰ ਛਾਪੇਮਾਰੀ ਕੀਤੀ ਗਈ ਸੀ। ਰਵੀ ਖ਼ਿਲਾਫ਼ 10 ਮੁਕੱਦਮੇ ਦਰਜ ਹਨ।