ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਸਮੇਤ ਕਈ ਮਾਮਲਿਆਂ ‘ਚ ਮੁਲਜ਼ਮ ਸਮਝੇ ਜਾਂਦੇ ਅਤੇ ਕਈ ਸਾਲਾਂ ਤੋਂ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਐੱਨ.ਆਈ.ਏ. ਦੀ ਟੀਮ ਅਚਨਚੇਤ ਦਿੱਲੀ ਲੈ ਗਈ ਹੈ। ਜਾਣਕਾਰੀ ਮੁਤਾਬਕ ਐੱਨ.ਆਈ.ਏ. ਟੀਮ ਕੇਂਦਰੀ ਜੇਲ੍ਹ ਬਠਿੰਡਾ ਪਹੁੰਚੀ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਲਾਰੈਂਸ ਬਿਸ਼ਨੋਈ ਨੂੰ ਇਕ ਮਾਮਲੇ ‘ਚ ਪੁੱਛਗਿੱਛ ਲਈ ਆਪਣੇ ਨਾਲ ਦਿੱਲੀ ਲੈ ਗਈ। ਬਿਸ਼ਨੋਈ ਖ਼ਿਲਾਫ਼ 2022 ‘ਚ ਦਿੱਲੀ ‘ਚ ਯੂ.ਏ.ਪੀ.ਏ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਮਾਮਲਿਆਂ ‘ਚ ਐੱਨ.ਆਈ.ਏ. ਵੱਲੋਂ ਪੁੱਛਗਿੱਛ ਕੀਤੀ ਜਾਣੀ ਹੈ। ਬਠਿੰਡਾ ਪੁਲੀਸ ਵੱਲੋਂ ਭਾਰੀ ਸੁਰੱਖਿਆ ਵਿਚਕਾਰ ਲਾਰੈਂਸ ਨੂੰ ਬਠਿੰਡਾ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਐੱਨ.ਆਈ.ਏ. ਟੀਮ ਦੇ ਹਵਾਲੇ ਕਰ ਦਿੱਤਾ ਗਿਆ। ਜ਼ਿਲ੍ਹਾ ਪੁਲੀਸ ਮੁਖੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਐੱਨ.ਆਈ.ਏ. ਦੀ ਟੀਮ ਬਠਿੰਡਾ ਕੇਂਦਰੀ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਦਿੱਲੀ ਲੈ ਗਈ ਹੈ। ਇਸ ਬਾਰੇ ਫਿਲਹਾਲ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ ਅਤੇ ਨਾ ਹੀ ਐੱਸ.ਐੱਸ.ਪੀ. ਨੇ ਲਾਰੈਂਸ ਬਿਸ਼ਨੋਈ ਨੂੰ ਵਾਪਸ ਕੇਂਦਰੀ ਜੇਲ੍ਹ ਬਠਿੰਡਾ ਲਿਆਉਣ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਹੈ।