ਇਕਵਾਡੋਰ ਦੇ ਐਨਰ ਵੇਲੇਂਸੀਆ ਨੇ ਫੀਫਾ 2022 ਦੇ ਗਰੁੱਪ-ਏ ਮੈਚ ‘ਚ ਕਤਰ ਦੇ ਖ਼ਿਲਾਫ਼ ਅਲ ਬੇਟ ਸਟੇਡੀਅਮ ‘ਚ ਪਹਿਲਾ ਗੋਲ ਕੀਤਾ। ਵੇਲੇਂਸੀਆ ਨੇ 16ਵੇਂ ਮਿੰਟ ‘ਚ ਪੈਨਲਟੀ ਅਤੇ 31ਵੇਂ ਮਿੰਟ ‘ਚ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ। ਹਾਲਾਂਕਿ ਵੇਲੇਂਸੀਆ ਨੇ ਪਹਿਲੇ ਚਾਰ ਮਿੰਟਾਂ ‘ਚ ਇਕਵਾਡੋਰ ਦਾ ਖਾਤਾ ਖੋਲ੍ਹ ਦਿੱਤਾ ਸੀ ਪਰ ਵੀ.ਏ.ਆਰ. ‘ਚ ਆਫਸਾਈਡ ਪਾਏ ਜਾਣ ਤੋਂ ਬਾਅਦ ਗੋਲ ਰੱਦ ਕਰ ਦਿੱਤਾ ਗਿਆ। ਇਸ ਦੇ ਬਾਵਜੂਦ ਵੇਲੇਂਸੀਆ ਦੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ ਇਕਵਾਡੋਰ ਨੇ ਮੈਚ ‘ਤੇ ਦਬਦਬਾ ਬਣਾਈ ਰੱਖਿਆ। ਬਹੁਤ ਘੱਟ ਲੋਕ ਜਾਣਦੇ ਹਨ ਕਿ ਫੁੱਟਬਾਲ ਦਾ ਇਹ ਸਫ਼ਰ ਵੇਲੇਂਸੀਆ ਲਈ ਆਸਾਨ ਨਹੀਂ ਸੀ। ਉਸ ਨੇ ਆਪਣੀ ਜ਼ਿੰਦਗੀ ‘ਚ ਬਹੁਤ ਸੰਘਰਸ਼ ਕੀਤਾ ਜਿਸ ‘ਚ ਇਕ ਵਾਰ ਉਸ ਦੀ ਭੈਣ ਦਾ ਅਗਵਾ ਵੀ ਸ਼ਾਮਲ ਸੀ। ਐਨਰ ਵੇਲੇਂਸੀਆ ਐਸਮੇਰਾਲਡਸ ਸੂਬੇ ਤੋਂ ਹੈ ਜਿੱਥੇ ਐਫਰੋ-ਇਕਵਾਡੋਰੀਅਨ ਮੂਲ ਦੇ ਲੋਕ ਰਹਿੰਦੇ ਹਨ। ਗ਼ਰੀਬ ਪਰਿਵਾਰ ‘ਚੋਂ ਹੋਣ ਕਰਕੇ ਉਨ੍ਹਾਂ ਨੂੰ ਸ਼ੁਰੂ ‘ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹ ਛੋਟੀ ਉਮਰ ‘ਚ ਐਮਲੇਕ ਪਹੁੰਚ ਗਏ। ਉਨ੍ਹਾਂ ਨੂੰ ਗਰਾਊਂਡ ਦੇ ਨੇੜੇ ਹੀ ਰਹਿਣਾ ਪੈਂਦਾ ਸੀ ਕਿਉਂਕਿ ਉਨ੍ਹਾਂ ਕੋਲ ਕਿਤੇ ਹੋਰ ਕਮਰਾ ਖਰੀਦਣ ਲਈ ਪੈਸੇ ਨਹੀਂ ਸਨ। ਵੇਲੇਂਸੀਆ ਨੇ ਖੁਦ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਗ਼ਰੀਬੀ ਦੇ ਦਿਨਾਂ ‘ਚ ਉਹ ਰੋਜ਼ ਸੋਚਦਾ ਸੀ ਕਿ ਅੱਜ ਖਾਣਾ ਕਿੱਥੋਂ ਮਿਲੇਗਾ। ਹਾਲਾਂਕਿ ਵੇਲੇਂਸੀਆ ਨਾਲ ਕੁਝ ਵਿਵਾਦ ਵੀ ਜੁੜੇ ਹੋਏ ਹਨ। ਅਕਤੂਬਰ 2016 ‘ਚ ਇਕਵਾਡੋਰ ‘ਚ ਬਿਨਾਂ ਭੁਗਤਾਨ ਕੀਤੇ ਬੱਚਿਆਂ ਦੀ ਸਹਾਇਤਾ ਲਈ ਉਸ ਦੀ ਗ੍ਰਿਫ਼ਤਾਰੀ ਦਾ ਵਾਰੰਟ ਜਾਰੀ ਕੀਤਾ ਗਿਆ ਸੀ। ਇਸੇ ਤਰ੍ਹਾਂ ਅਗਸਤ 2020 ‘ਚ ਵੇਲੇਂਸੀਆ ਦੀ ਭੈਣ ਆਰਸ ਨੂੰ ਸੈਨ ਲੋਰੇਂਜ਼ੋ ‘ਚ ਇਕ ਹਥਿਆਰਬੰਦ ਗਿਰੋਹ ਨੇ ਬੰਧਕ ਬਣਾ ਲਿਆ ਸੀ। ਵੇਲੇਂਸੀਆ ਨੂੰ ਅਰਸੀ ਨੂੰ ਰਿਹਾਅ ਕਰਵਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਅਰਸੀ ਨੂੰ ਆਖਿਰਕਾਰ 10 ਦਿਨਾਂ ਬਾਅਦ ਛੱਡ ਦਿੱਤਾ ਗਿਆ। ਇਸ ਪਹਿਲੇ ਮੈਚ ‘ਚ ਮੇਜ਼ਬਾਨ ਕਤਰ ਦੀ ਟੀਮ ਇਕਵਾਡੋਰ ਤੋਂ 2-0 ਨਾਲ ਹਾਰ ਗਈ।