ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਹੋਈ। ਇਸ ‘ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਮੁੜ ਪ੍ਰਧਾਨ ਚੁਣ ਗਏ। ਉਨ੍ਹਾਂ ਦਾ ਸਿੱਧਾ ਮੁਕਾਬਲਾ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨਾਲ ਸੀ। ਬੀਬੀ ਜਗੀਰ ਕੌਰ ਨੂੰ ਕੁੱਲ 42 ਵੋਟਾਂ ਪਈਆਂ ਜਦਕਿ ਐਡਵੋਕੇਟ ਧਾਮੀ 104 ਵੋਟਾਂ ਨਾਲ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣੇ ਗਏ। ਐਡਵੋਕੇਟ ਧਾਮੀ ਨੇ ਜਿੱਤ ਤੋਂ ਬਾਅਦ ਧੰਨਵਾਦ ਕੀਤਾ ਤਾਂ ਬੀਬੀ ਜਗੀਰ ਕੌਰ ਨੇ ਵੀ ਸਾਥ ਦੇਣ ਵਾਲੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੱਕੇ ਦੇ ਬਾਵਜੂਦ ਉਨ੍ਹਾਂ ਨੂੰ 42 ਵੋਟਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਉਹ ਖ਼ਾਲਸਾ ਪੰਥ ਲਈ ਆਪਣੀ ਲੜਾਈ ਜਾਰੀ ਰੱਖਣਗੇ। ਇਸ ਦੌਰਾਨ ਬਲਦੇਵ ਸਿੰਘ ਕਾਇਮਪੁਰ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। ਉਨ੍ਹਾਂ ਦੇ ਮੁਕਾਬਲੇ ਵਿਰੋਧੀ ਧਿਰ ਵੱਲੋਂ ਕੋਈ ਉਮੀਦਵਾਰ ਨਹੀਂ ਸੀ। ਅਵਤਾਰ ਸਿੰਘ ਫਤਿਹਗੜ੍ਹ ਜੂਨੀਅਰ ਮੀਤ ਪ੍ਰਧਾਨ ਤੇ ਜਗਰਾਉਂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਜਨਰਲ ਸਕੱਤਰ ਚੁਣੇ ਗਏ। ਇਸ ਤੋਂ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ‘ਚ ਅਰਦਾਸ ਤੇ ਹੁਕਮਨਾਮੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਜਨਰਲ ਇਜਲਾਸ ਸ਼ੁਰੂ ਹੋਇਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਰੰਭਤਾ ਦੀ ਅਰਦਾਸ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਹੁਕਮਨਾਮਾ ਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਹਨ। ਇਜਲਾਸ ਸ਼ੁਰੂ ਹੋਣ ‘ਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ਼ੋਕ ਮਤੇ ਪੜ੍ਹੇ। ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਅਰਵਿੰਦਰ ਸਿੰਘ ਪੱਖੋਕੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਮ ਪ੍ਰਧਾਨ ਵਜੋਂ ਪੇਸ਼ ਕੀਤਾ ਜਿਸ ਦੀ ਤਾਈਦ ਭਗਵੰਤ ਸਿੰਘ ਸਿਆਲਕਾ ਨੇ ਕੀਤੀ। ਦੂਸਰੇ ਪਾਸੇ ਬੀਬੀ ਜਗੀਰ ਕੌਰ ਦਾ ਨਾਮ ਪ੍ਰਧਾਨ ਵਜੋਂ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਨੇ ਪੇਸ਼ ਕੀਤਾ ਜਿਸ ਦੀ ਤਾਈਦ ਮਿੱਠੂ ਸਿੰਘ ਕਾਹਨੇਕੇ ਨੇ ਕੀਤੀ। ਇਸ ਤੋਂ ਬਾਅਦ ਵੋਟਿੰਗ ਹੋਈ ਅਤੇ ਧਾਮੀ ਦੁਬਾਰਾ ਪ੍ਰਧਾਨ ਬਣ ਗਏ। ਸ਼੍ਰੋਮਣੀ ਕਮੇਟੀ ਦੀ ਗਿਆਰਾਂ ਮੈਂਬਰੀ ਕਾਰਜਕਾਰਨੀ ਕਮੇਟੀ ਵੀ ਚੁਣੀ ਗਈ ਜਿਸ ‘ਚ ਵਿਰੋਧੀ ਧਿਰ ਦੇ ਤਿੰਨ ਮੈਂਬਰ ਸ਼ਾਮਲ ਕੀਤੇ ਗਏ।