ਕੈਨੇਡਾ ਦੌਰੇ ’ਤੇ ਆਏ ਹੋਏ ਪੋਪ ਫਰਾਂਸਿਸ ਐਡਮੰਟਨ ਦੇ ਕਾਮਨਵੈਲਥ ਸਟੇਡੀਅਮ ’ਚ ਪਹੁੰਚੇ। ਇਸ ਸਮੇਂ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ। ਖੁੱਲ੍ਹੀ ਗੱਡੀ ’ਚ ਸਵਾਰ ਪੋਪ ਨੇ ਸੈਂਕਡ਼ਿਆਂ ਦੇ ਇਕੱਠ ’ਚੋਂ ਕੁਝ ਛੋਟੇ ਬੱਚੇ ਗੋਦੀ ਚੁੱਕੇ ਅਤੇ ਕਈ ਲੋਕਾਂ ਨੇ ਪੋਪ ਦਾ ਹੱਥ ਚੁੰਮ ਕੇ ਉਨ੍ਹਾਂ ਨੂੰ ਸਤਿਕਾਰ ਦਿੱਤਾ। ਉਨ੍ਹਾਂ ਬਜ਼ੁਰਗਾਂ ਨੂੰ ਸਨਮਾਨਿਤ ਕਰਨ ਲਈ ਇਕ ਸਮੂਹਿਕ ਪ੍ਰਾਰਥਨਾ ਸਭਾ ’ਚ ਸ਼ਿਰਕਤ ਕੀਤੀ। ਇਸ ਤੋਂ ਇਕ ਦਿਨ ਪਹਿਲਾਂ ਪੋਪ ਨੇ ਕੈਨੇਡਾ ਦੇ ਸਕੂਲਾਂ ’ਚ ਮੂਲ ਨਿਵਾਸੀਆਂ ’ਤੇ ਕੀਤੇ ਗਏ ਜ਼ੁਲਮਾਂ ’ਚ ਕੈਥੋਲਿਕ ਚਰਚ ਵੱਲੋਂ ਸਹਿਯੋਗ ਦੇਣ ਦੇ ਮਾਮਲੇ ’ਚ ਮੁਆਫ਼ੀ ਮੰਗੀ ਸੀ। ਐਡਮੰਟਨ ’ਚ ਕਾਮਨਵੈਲਥ ਸਟੇਡੀਅਮ ’ਚ ਹਜ਼ਾਰਾਂ ਦੀ ਗਿਣਤੀ ’ਚ ਲੋਕ ਸਮੂਹਿਕ ਪ੍ਰਾਰਥਨਾ ’ਚ ਸ਼ਾਮਲ ਹੋਏ। ਪੋਪ ਨੇ ਨੌਜਵਾਨਾਂ ’ਚ ਸ਼ਰਧਾ ਪੈਦਾ ਕਰਨ ਲਈ ਦਾਦੀ ਅਤੇ ਨਾਨੀ ਦੀ ਭੂਮਿਕਾ ਦੀ ਹਮੇਸ਼ਾ ਸ਼ਲਾਘਾ ਕੀਤੀ, ਨਾਲ ਹੀ ਉਨ੍ਹਾਂ ਆਪਣੀ ਦਾਦੀ ਰੋਸਾ ਨਾਲ ਤਜ਼ਰਬੇ ਸਾਂਝੇ ਕੀਤੇ। ਪੋਪ ਕਈ ਮਹੀਨਿਆਂ ਤੋਂ ਆਪਣੇ ਸੰਬੋਧਨਾਂ ’ਚ ਬਜ਼ੁਰਗਾਂ ਦੇ ਗਿਆਨ ਅਤੇ ਉਨ੍ਹਾਂ ਦੇ ਤਜ਼ਰਬਿਆਂ ਨੂੰ ਬਹੁਮੱਲਾ ਸਮਝਣ ਦੀ ਲੋਡ਼ ’ਤੇ ਜ਼ੋਰ ਦਿੰਦੇ ਰਹੇ ਹਨ। ਉਨ੍ਹਾਂ ਬਜ਼ੁਰਗਾਂ ਨੂੰ ਅਹਿਮੀਅਤ ਨਾ ਦੇਣ ਦੇ ਮੌਜੂਦਾ ਰੁਝਾਨ ਤੋਂ ਲੋਕਾਂ ਨੂੰ ਦੂਰ ਰਹਿਣ ਦੀ ਅਪੀਲ ਕੀਤੀ।